Saturday, 20 June 2026

ਆਸ਼ੂ ਨੇ ਕਿਹਾ : ਪੰਜਾਬ ਪੁਲਿਸ ਧੱਕੇਸ਼ਾਹੀ ’ਤੇ ਉਤਰੀ
ਲੁਧਿਆਣਾ/ਬਿਊਰੋ ਨਿਊਜ਼
ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਲਈ ਭਲਕੇ 19 ਜੂਨ ਨੂੰ ਵੋਟਾਂ ਪੈਣੀਆਂ ਹਨ ਅਤੇ ਇਸ ਤੋਂ ਪਹਿਲਾਂ ਅੱਜ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਤੇ ਪੁਲਿਸ ਕਰਮਚਾਰੀਆਂ ਵਿਚਾਲੇ ਹੱਥੋਪਾਈ ਹੋ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਲੁਧਿਆਣਾ ਦੇ ਜਵਾਹਰ ਨਗਰ ਕੈਂਪ ਇਲਾਕੇ ਵਿਚ ਕਾਂਗਰਸੀਆਂ ਨੇ ਇਕ ਵਿਅਕਤੀ ਨੂੰ ਰਾਸ਼ਨ ਵੰਡਦੇ ਹੋਏ ਫੜ ਲਿਆ ਸੀ, ਪਰ ਇਹ ਵਿਅਕਤੀ ਆਪਣਾ ਐਕਟਿਵਾ ਛੱਡ ਕੇ ਭੱਜ ਗਿਆ। ਵਿਵਾਦ ਵਧਦਾ ਦੇਖ ਕੇ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਕਾਂਗਰਸੀ ਉਮੀਦਵਾਰ ਆਸ਼ੂ ਵੀ ਪਹੁੰਚ ਗਏ। ਇਸਦੇ ਚੱਲਦਿਆਂ ਭਾਰਤ ਭੂਸ਼ਣ ਆਸ਼ੂ ਅਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਹੱਥੋਪਾਈ ਵੀ ਹੋਈ। ਇਸ ਦੌਰਾਨ ਆਸ਼ੂ ਨੇ ਆਰੋਪ ਲਗਾਇਆ ਕਿ ਪੰਜਾਬ ਪੁਲਿਸ ਆਮ ਆਦਮੀ ਪਾਰਟੀ ਦੇ ਇਸ਼ਾਰਿਆਂ ’ਤੇ ਕੰਮ ਕਰ ਰਹੀ ਹੈ।  

ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਚੋਣ ਜਿੱਤਣ ਲਈ ਲਾਇਆ ਪੂਰਾ ਜ਼ੋਰ

ਲੁਧਿਆਣਾ/ਬਿਊਰੋ ਨਿਊਜ਼ 

ਲੁਧਿਆਣਾ (ਪੱਛਮੀ) ਵਿਧਾਨ ਸਭਾ ਹਲਕੇ ਵਿਚ ਭਲਕੇ 19 ਜੂਨ ਨੂੰ ਜ਼ਿਮਨੀ ਚੋਣ ਲਈ ਵੋਟਾਂ ਪੈਣੀਆਂ ਹਨ। ਇਸ ਨੂੰ ਲੈ ਕੇ ਸਿਆਸੀ ਪਾਰਟੀਆਂ ਵਲੋਂ ਕੀਤਾ ਜਾ ਰਿਹਾ ਚੋਣ ਪ੍ਰਚਾਰ ਲੰਘੇ ਕੱਲ੍ਹ ਸ਼ਾਮੀਂ 6 ਵਜੇ ਸਮਾਪਤ ਹੋ ਗਿਆ ਸੀ।  ਇਸ ਜ਼ਿਮਨੀ ਚੋਣ ਲਈ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਹੀ ਹੋਵੇਗਾ। ਵੈਸੇ ਤਾਂ ਸ਼ੋ੍ਰਮਣੀ ਅਕਾਲੀ ਦਲ ਅਤੇ ਭਾਜਪਾ ਵਲੋਂ ਵੀ ਆਪੋ-ਆਪਣੇ ਉਮੀਦਵਾਰ ਦੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਜ਼ਿਮਨੀ ਚੋਣ ਲਈ ਕੁੱਲ 14 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਹ ਜ਼ਿਮਨੀ ਚੋਣ ਜਿੱਤਣ ਲਈ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਨੇ ਪੂਰਾ ਜ਼ੋਰ ਲਗਾਇਆ ਹੋਇਆ ਹੈ।  ਧਿਆਨ ਰਹੇ ਕਿ ਲੁਧਿਆਣਾ (ਪੱਛਮੀ) ਜ਼ਿਮਨੀ ਚੋਣ ਲਈ ਭਲਕੇ 19 ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਇਨ੍ਹਾਂ ਵੋਟਾਂ ਦੇ ਨਤੀਜੇ 23 ਜੂਨ ਨੂੰ ਐਲਾਨੇ ਜਾਣਗੇ।   

 

ਮੈਡੀਕਲ ਕਾਲਜ ਦੇ ਤਿੰਨ ਜੂਨੀਅਰ ਡਾਕਟਰਾਂ ਨੂੰ ਹੋਇਆ ਕਰੋਨਾ

ਅੰਮਿ੍ਰਤਸਰ/ਬਿਊਰੋ ਨਿਊਜ਼

ਅੰਮਿ੍ਰਤਸਰ ’ਚ ਕਰੋਨਾ ਦੇ ਮਾਮਲੇ ਵਧਣ ਲੱਗੇ ਹਨ ਅਤੇ ਮੈਡੀਕਲ ਕਾਲਜ ਦੇ ਤਿੰਨ ਜੂਨੀਅਰ ਡਾਕਟਰ ਵੀ ਕਰੋਨਾ ਦੀ ਲਪੇਟ ਵਿਚ ਆ ਗਏ ਹਨ। ਸਿਹਤ ਵਿਭਾਗ ਨੇ ਚੌਕਸੀ ਵਰਤਦਿਆਂ ਇਨ੍ਹਾਂ ਡਾਕਟਰਾਂ ਨੂੰ ਹੋਮ ਆਈਸੋਲੇਟ ਕਰ ਦਿੱਤਾ ਹੈ। ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਨੇ ਦੱਸਿਆ ਕਿ ਭਾਵੇਂ ਕੋਵਿਡ ਦੇ ਨਵੇਂ ਵੈਰੀਐਂਟ ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ, ਪਰ ਫਿਰ ਵੀ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਆਖਿਆ ਕਿ ਇਹ ਤਿੰਨੋਂ ਕੇਸ ਮੈਡੀਕਲ ਕਾਲਜ ਦੇ ਜੂਨੀਅਰ ਡਾਕਟਰ ਹਨ, ਜੋ ਕਿ ਇਸ ਸਮੇਂ ਹੋਮ ਆਈਸੋਲੇਟ ਹਨ ਅਤੇ ਬਿਲਕੁਲ ਸਿਹਤਮੰਦ ਹਨ। ਧਿਆਨ ਰਹੇ ਕਿ ਅੰਮਿ੍ਰਤਸਰ ਵਿਚ ਹੁਣ ਤੱਕ ਕਰੋਨਾ ਦੇ 6 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸੇ ਦੌਰਾਨ ਸਿਹਤ ਵਿਭਾਗ ਨੇ ਲੋਕਾਂ ਨੂੰ ਗਾਈਡ ਲਾਈਨਜ਼ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ ਹੈ।  

 

ਦੋਵਾਂ ਸੂਬਿਆਂ ਦੀ ਮਜ਼ਬੂਤ ਸਾਂਝ ’ਤੇ ਦਿੱਤਾ ਜ਼ੋਰ

ਅੰਮਿ੍ਰਤਸਰ/ਬਿਊਰੋ ਨਿਊਜ਼

ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਆਪਸੀ ਭਾਈਚਾਰਕ ਸਾਂਝ ਵਾਲੇ ਰਿਸ਼ਤੇ ਬਣੇ ਰਹਿਣੇ ਚਾਹੀਦੇ ਹਨ ਤੇ ਇਨ੍ਹਾਂ ਨੂੰ ਹੋਰ ਮਜ਼ਬੂਤ ਕੀਤਾ ਜਾਣਾ ਚਾਹੀਦਾ। ਇਹ ਪ੍ਰਗਟਾਵਾ ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਕੀਤਾ ਹੈ, ਜੋ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ ਸਨ। ਅਗਨੀਹੋਤਰੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ। ਉਨ੍ਹਾਂ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਤੋਂ ਵਿਧਾਇਕ ਹਰਦੀਪ ਸਿੰਘ ਬਾਵਾ ਤੇ ਹੋਰ ਸਮਰਥਕ ਵੀ ਸਨ। ਉਪ ਮੁੱਖ ਮੰਤਰੀ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿੱਚ ਸਨਮਾਨਿਤ ਵੀ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਆਖਿਆ ਕਿ ਉਹ ਇਸ ਹੱਕ ਵਿੱਚ ਹਨ ਕਿ ਦੋਵਾਂ ਸੂਬਿਆਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਆਪਸੀ ਭਾਈਚਾਰਕ ਸਾਂਝ ਵਾਲੇ ਰਿਸ਼ਤੇ ਬਣੇ ਰਹਿਣੇ ਚਾਹੀਦੇ ਹਨ ਅਤੇ ਦੋਵਾਂ ਸੂਬਿਆਂ ਨੂੰ ਤਰੱਕੀ ਦੀ ਰਾਹ ’ਤੇ ਇਕੱਠੇ ਹੋ ਕੇ ਚੱਲਣਾ ਚਾਹੀਦਾ ਹੈ।

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.