Saturday, 20 June 2026

ਸ਼ੋ੍ਰਮਣੀ ਕਮੇਟੀ ਖਿਲਾਫ ਗਿਆਨੀ ਰਘਬੀਰ ਸਿੰਘ ਨੇ ਪਾਈ ਸੀ ਪਟੀਸ਼ਨ

ਚੰਡੀਗੜ੍ਹ/ਬਿਊਰੋ ਨਿਊਜ਼ 

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੌਜੂਦਾ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਿਲਾਫ਼ ਦਾਇਰ ਪਟੀਸ਼ਨ ਨੂੰ ਵਾਪਸ ਲੈ ਲਿਆ ਹੈ। ਅੱਜ ਮੰਗਲਵਾਰ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਗਿਆਨੀ ਰਘਬੀਰ ਸਿੰਘ ਨੇ ਪਟੀਸ਼ਨ ਵਾਪਸ ਲੈਣ ਦੀ ਬੇਨਤੀ ਕੀਤੀ, ਜਿਸ ਤੋਂ ਬਾਅਦ ਹਾਈਕੋਰਟ ਨੇ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਅਤੇ ਉਨ੍ਹਾਂ ਨੂੰ ਪਟੀਸ਼ਨ ਵਾਪਸ ਲੈਣ ਦੀ ਆਜ਼ਾਦੀ ਦੇ ਦਿੱਤੀ। ਜ਼ਿਕਰਯੋਗ ਹੈ ਕਿ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਲੰਘੇ ਦਿਨੀ ਸ਼੍ਰੋਮਣੀ ਕਮੇਟੀ ਵਿਰੁੱਧ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਉਨ੍ਹਾਂ ਕਿਹਾ ਕਿ ਸਾਧ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਅਤੇ ਸਤਿਕਾਰ ਕਰਦਿਆਂ ਕੀਤੇ ਗਏ ਕੇਸ ਨੂੰ ਵਾਪਸ ਲੈਣ ਦਾ ਨਿਰਣਾ ਕੀਤਾ ਹੈ।

 

ਕਿਹਾ : ਭਾਜਪਾ ਮਜੀਠੀਆ ਨੂੰ ਚਾਹੁੰਦੀ ਹੈ ਬਚਾਉਣਾ

ਚੰਡੀਗੜ੍ਹ/ਬਿਊਰੋ ਨਿਊਜ਼      

ਨਸ਼ੇ ਦੇ ਮੁੱਦੇ ’ਤੇ ਵਿਰੋਧੀਆਂ ’ਤੇ ਨਿਸ਼ਾਨਾ ਸਾਧਦੇ ਹੋਏ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਭਾਜਪਾ ਬਿਕਰਮ ਸਿੰਘ ਮਜੀਠੀਆ ਨੂੰ ਬਚਾਉਣਾ ਚਾਹੁੰਦੀ ਹੈ ਤੇ ਉਸਦੇ ਕੇਸ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਕੇਂਦਰ ਨੇ ਆਪਣੀਆਂ ਏਜੰਸੀਆਂ ਲਗਾਈਆਂ ਹੋਈਆਂ ਹਨ ਤੇ ਪੰਜਾਬ ਸਰਕਾਰ ਤੋਂ ਇਸ ਸਾਰੇ ਮਾਮਲੇ ਵਿਚ ਡਿਟੇਲ ਮੰਗੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਤੋਂ ਹੀ ਪੰਜਾਬ ਵਿਚ ਨਸ਼ਿਆਂ ਦਾ ਧੰਦਾ ਚੱਲ ਰਿਹਾ ਹੈ। ਉਨ੍ਹਾਂ ਮਜੀਠੀਆ ਮਾਮਲੇ ਵਿਚ ਐਨ.ਸੀ.ਬੀ. ਵਲੋਂ ਜਾਂਚ ਕੀਤੇ ਜਾਣ ’ਤੇ ਵੀ ਸਵਾਲ ਚੁੱਕੇ ਹਨ।   

 

ਵਿਧਾਇਕਾ ਗਨੀਵ ਕੌਰ ਨੇ ਪੁਲਿਸ ਪ੍ਰਸ਼ਾਸ਼ਨ ਖਿਲਾਫ ਲਗਾਇਆ ਧਰਨਾ

ਅੰਮਿ੍ਰਤਸਰ/ਬਿਊਰੋ ਨਿਊਜ਼  

ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਨੇ ਆਮਦਨ ਦੇ ਸਰੋਤਾਂ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਗਿ੍ਰਫਤਾਰ ਕੀਤਾ ਹੋਇਆ ਹੈ। ਇਸ ਨੂੰ ਲੈ ਕੇ ਵਿਜੀਲੈਂਸ ਦੀ ਟੀਮ ਵਲੋਂ ਮਜੀਠੀਆ ਦੀ ਜਾਇਦਾਦ ਲੱਭਣ ਲਈ 6 ਸੂਬਿਆਂ ’ਚ ਛਾਪੇਮਾਰੀ ਕੀਤੀ ਗਈ ਹੈ। ਇਸੇ ਤਹਿਤ ਵਿਜੀਲੈਂਸ ਦੀ ਟੀਮ ਬਿਕਰਮ ਮਜੀਠੀਆ ਨੂੰ ਲੈ ਕੇ ਅੱਜ ਮਜੀਠਾ ਵੀ ਪਹੁੰਚੀ ਹੈ। ਮਜੀਠੀਆ ਨੂੰ ਭਾਰੀ ਪੁਲਿਸ ਸੁਰੱਖਿਆ ਦੇ ਨਾਲ ਮਜੀਠਾ ਸਥਿਤ ਉਨ੍ਹਾਂ ਦੇ ਦਫਤਰ ਵਿਚ ਲਿਆਂਦਾ ਗਿਆ ਅਤੇ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ।  ਇਸਦੇ ਚੱਲਦਿਆਂ ਬਿਕਰਮ ਮਜੀਠੀਆ ਦੀ ਧਰਮ ਪਤਨੀ ਹਲਕਾ ਵਿਧਾਇਕਾ ਬੀਬਾ ਗਨੀਵ ਕੌਰ ਵੀ ਮਜੀਠਾ ਪਹੁੰਚ ਕੇ ਆਪਣੇ ਦਫਤਰ ਜਾਣ ਲੱਗੇ ਤੇ ਪੁਲਿਸ ਨੇ ਵਿਧਾਇਕਾ ਨੂੰ ਅੱਗੇ ਨਹੀਂ ਜਾਣ ਦਿੱਤਾ। ਇਸਦੇ ਚਲਦਿਆਂ ਪੁਲਿਸ ਵਲੋਂ ਮਜੀਠੀਆ ਦੇ ਰਿਹਾਇਸ਼ੀ ਦਫਤਰ ਨੂੰ ਤਾਲਾ ਵੀ ਲਗਾ ਦਿੱਤਾ ਗਿਆ, ਜਿਸਦੇ ਰੋਸ ਵਜੋਂ ਵਿਧਾਇਕਾ ਬੀਬਾ ਗਨੀਵ ਕੌਰ ਵਲੋਂ ਆਪਣੇ ਸਮਰਥਕਾਂ ਸਮੇਤ ਪੁਲਿਸ ਪ੍ਰਸ਼ਾਸਨ ਖਿਲਾਫ ਧਰਨਾ ਵੀ ਲਗਾਇਆ ਗਿਆ।

ਸੂਬਾ ਸਰਕਾਰ ਨੇ ਵੱਧ ਟੈਕਸ ਦੇਣ ਵਾਲੇ ਪੰਜ ਕਾਰੋਬਾਰੀਆਂ ਦਾ ਕੀਤਾ ਸਨਮਾਨ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਜੂਨ ਮਹੀਨੇ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ 44 ਫੀਸਦ ਵੱਧ ਜੀ.ਐਸ.ਟੀ. ਮਾਲੀਆ ਇਕੱਠਾ ਹੋਇਆ ਹੈ। ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਚੀਮਾ ਨੇ ਕਿਹਾ ਕਿ ਇਸ ਵਾਰ ਜੂਨ ਮਹੀਨੇ ਵਿੱਚ 2379.90 ਕਰੋੜ ਰੁਪਏ ਜੀਐਸਟੀ ਮਾਲੀਆ ਇਕੱਠਾ ਹੋਇਆ ਹੈ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 732 ਕਰੋੜ ਰੁਪਏ ਵੱਧ ਹੈ। ਇਸੇ ਦੌਰਾਨ ਸੂਬਾ ਸਰਕਾਰ ਵੱਲੋਂ ਜੂਨ ਮਹੀਨੇ ਦੌਰਾਨ ਪੰਜਾਬ ਵਿੱਚ ਸਭ ਤੋਂ ਵੱਧ ਟੈਕਸ ਦਾ ਭੁਗਤਾਨ ਕਰਨ ਵਾਲੇ ਪੰਜ ਕਾਰੋਬਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਚੀਮਾ ਨੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਸਮੇਂ ਪੰਜਾਬ ਦੀ ਵਿੱਤੀ ਹਾਲਤ ਬਹੁਤ ਮਾੜੀ ਹੋ ਗਈ ਸੀ ਤੇ ਸੂਬਾ ਸਰਕਾਰ ਸਿਰ ਕਰਜ਼ੇ ਦਾ ਬੋਝ ਹੀ ਵਧਿਆ ਸੀ। ਹਰਪਾਲ ਚੀਮਾ ਨੇ 8500 ਕਰੋੜ ਰੁਪਏ ਦਾ ਨਵਾਂ ਕਰਜ਼ਾ ਚੁੱਕਣ ਦੀ ਪੁਸ਼ਟੀ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਸ ਬਾਰੇ 18,200 ਕਰੋੜ ਰੁਪਏ ਪਿਛਲੇ ਕਰਜ਼ ਦੀ ਮੂਲ ਰਕਮ ਅਤੇ 25000 ਕਰੋੜ ਰੁਪਏ ਵਿਆਜ ਵਜੋਂ ਭੁਗਤਾਨ ਕੀਤਾ ਜਾਣਾ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.