Monday, 22 June 2026

ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਲੋਕਾਂ ਦੀ ਕਰ ਰਹੇ ਹਨ ਸਹਾਇਤਾ

ਮੋਗਾ/ਬਿਊਰੋ ਨਿਊਜ਼ 

ਬਾਲੀਵੁੱਡ ਅਦਾਕਾਰ ਸੋਨੂੰੂ ਸੂਦ ਨੇ ਕੋਵਿਡ ਦੇ ਦੌਰ ਵਿਚ ਇਨਸਾਨੀਅਤ ਦੀ ਸੇਵਾ ਕਰਕੇ ਵੱਡਾ ਨਾਮਣਾ ਖੱਟਿਆ ਸੀ ਅਤੇ ਹੁਣ ਉਹ ਪੰਜਾਬ ਵਿਚ ਹੜ੍ਹ ਪੀੜਤ ਪਰਿਵਾਰਾਂ ਦੀ ਮੱਦਦ ਲਈ ਵੀ ਅੱਗੇ ਆਏ ਹਨ। ਸੋਨੂੰ ਸੂਦ ਨੇ ਮੋਗਾ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿਚ ਪੰਜਾਬ ਦੇ ਲੋਕਾਂ ਨਾਲ ਖੜ੍ਹੇ ਹਨ। ਇਸ ਮੌਕੇ ਸੋਨੂੰ ਸੂਦ ਨਾਲ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਵੀ ਹਾਜ਼ਰ ਸੀ। ਸੋਨੂੰ ਸੂਦ ਨੇ ਦੱਸਿਆ ਕਿ ਉਹ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਆਏ ਹਨ, ਜਿੱਥੇ ਲੋਕ ਬਹੁਤ ਮੁਸੀਬਤਾਂ ਵਿਚ ਘਿਰੇ ਹੋਏ ਹਨ। ਉਨ੍ਹਾਂ ਕਿਹਾ ਕਿ ਮੇਰੇ ਘਰ ਦੇ ਦਰਵਾਜ਼ੇ ਸਦਾ ਹੀ ਲੋੜਵੰਦਾਂ ਦੀ ਮੱਦਦ ਲਈ ਖੁੱਲ੍ਹੇ ਹਨ। ਧਿਆਨ ਰਹੇ ਕਿ ਪੰਜਾਬ ਵਿਚ ਹੜ੍ਹ ਪੀੜਤਾਂ ਦੀ ਬਹੁਤ ਸਾਰੇ ਫਿਲਮੀ ਕਲਾਕਰਾਂ, ਅਦਾਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਮੱਦਦ ਕੀਤੀ ਜਾ ਰਹੀ ਹੈ। 

ਸੀਐਮ ਭਗਵੰਤ ਮਾਨ ਕੈਬਨਿਟ ਮੀਟਿੰਗ ’ਚ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਏ ਸ਼ਾਮਲ

ਚੰਡੀਗੜ੍ਹ/ਬਿਊਰੋ ਨਿਊਜ਼ 

ਅੱਜ ਚੰਡੀਗੜ੍ਹ ਵਿਚ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਇਸ ਕੈਬਨਿਟ ਮੀਟਿੰਗ ਵਿਚ ਵਰਚੂਅਲੀ ਤੌਰ ’ਤੇ ਸ਼ਾਮਲ ਹੋਏ ਹਨ। ਮੀਟਿੰਗ ਖਤਮ ਹੋਣ ਤੋਂ ਬਾਅਦ ਭਗਵੰਤ ਮਾਨ ਨੇ ਮੀਟਿੰਗ ਦੌਰਾਨ ਹੜ੍ਹਾਂ ਸਬੰਧੀ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ ਹੈ। ਸਭ ਤੋਂ ਪਹਿਲਾਂ ਮਾਨ ਨੇ ਕਿਹਾ ਕਿ ਮੈਂ ਹਸਪਤਾਲ ਵਿਖੇ ਆਪਣੇ ਕਮਰੇ ਵਿਚ ਬਹਿ ਕੇ ਹਰ ਸਮੇਂ ਪੰਜਾਬੀਆਂ ਦੀ ਚਿੰਤਾ ਕਰਦਾ ਹਾਂ ਤੇ ਜਲਦ ਹੀ ਠੀਕ ਹੋ ਕੇ ਉਨ੍ਹਾਂ ਦੇ ਵਿਚਕਾਰ ਜਾਵਾਂਗਾ। ਧਿਆਨ ਰਹੇ ਕਿ ਮੁੱਖ ਮੰਤਰੀ ਮਾਨ ਦੀ ਸਿਹਤ ਪਿਛਲੇ ਦਿਨੀਂ ਖਰਾਬ ਹੋ ਗਈ ਸੀ ਅਤੇ ਉਨ੍ਹਾਂ ਦਾ ਇਲਾਜ ਮੋਹਾਲੀ ਦੇ ਫੋਰਟਿਸ ਹਸਪਤਾਲ ’ਚ ਚੱਲ ਰਿਹਾ ਹੈ।  ਮੁੱਖ ਮੰਤਰੀ ਨੇ ਕਿਹਾ ਕਿ ਮੈਂ ਆਪਣੇ ਸਾਰੇ ਅਧਿਕਾਰੀਆਂ ਅਤੇ ਮੰਤਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਇਸ ਦੁੱਖ ਦੀ ਘੜੀ ਵਿਚ ਲੋਕਾਂ ਦੇ ਨਾਲ ਜਾ ਕੇ ਖੜ੍ਹੇ ਹੋਵੋ। ਉਨ੍ਹਾਂ ਦੱਸਿਆ ਕਿ ਅਸੀਂ ‘ਜਿਸ ਦਾ ਖੇਤ, ਉਸ ਦੀ ਰੇਤ’  ਨੂੰ ਮਨਜੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਹੜ੍ਹਾਂ ਕਾਰਨ ਖਰਾਬ ਹੋਈਆਂ ਫਸਲਾਂ ਦਾ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ। ਸੀਐਮ ਮਾਨ ਨੇ ਕਿਹਾ ਕਿ ਹੜ੍ਹਾਂ ਕਾਰਨ ਜਿਨ੍ਹਾਂ ਵਿਅਕਤੀਆਂ ਦੀ ਜਾਨ ਗਈ ਹੈ, ਉਨ੍ਹਾਂ ਦੇ ਪਰਿਵਾਰਾਂ ਨੂੰ ਚਾਰ-ਚਾਰ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਹਰ ਦੁੱਖ ਦੀ ਘੜੀ ਵਿਚ ਪੰਜਾਬੀਆਂ ਦੇ ਨਾਲ ਖੜ੍ਹੀ ਹੈ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸੰਗਤ ਨੇ ਨਿਭਾਈ ਸੇਵਾ

ਸ੍ਰੀ ਅਨੰਦਪੁਰ ਸਾਹਿਬ/ਬਿਊਰੋ ਨਿਊਜ਼ 

ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਪਵਿੱਤਰ ਸਰੋਵਰ ’ਚੋਂ ਗਾਰ ਕੱਢਣ ਦੀ ਸੇਵਾ ਅੱਜ ਸ਼ੁੱਕਰਵਾਰ ਨੂੰ ਜੈਕਾਰਿਆਂ ਦੀ ਗੂੰਜ ਵਿਚ ਸ਼ੁਰੂ ਕੀਤੀ ਗਈ। ਇਹ ਸੇਵਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੱਚਖੰਡ ਵਾਸੀ ਬਾਬਾ ਹਰਬੰਸ ਸਿੰਘ ਅਤੇ ਬਾਬਾ ਬਚਨ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਰਦਾਸ ਕੀਤੀ ਅਤੇ ਇਸ ਤੋਂ ਬਾਅਦ ਜੈਕਾਰਿਆਂ ਦੀ ਗੂੰਜ ਵਿਚ ਸਮੂਹ ਸੰਗਤ ਨੇ ਪਵਿੱਤਰ ਸਰੋਵਰ ਵਿਚੋਂ ਗਾਰ ਕੱਢਣ ਦੀ ਸੇਵਾ ਕੀਤੀ। ਸੰਗਤ ਨੇ ਗਾਰ ਕੱਢਣ ਦੀ ਇਸ ਸੇਵਾ ਨੂੰ ਵੱਡੀ ਭਗਤੀ ਅਤੇ ਉਤਸ਼ਾਹ ਨਾਲ ਨਿਭਾਇਆ ਹੈ। 

ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਲੋਂ ਕੀਤੀ ਅਪੀਲ ’ਤੇ ਲਿਆ ਫੈਸਲਾ

ਰੂਪਨਗਰ/ਬਿਊਰੋ ਨਿਊਜ਼ 

ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਦੇ ਅਧਿਕਾਰੀਆਂ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਬੇਨਤੀ ’ਤੇ ਭਾਖੜਾ ਡੈਮ ਤੋਂ ਪਾਣੀ ਦੇ ਨਿਕਾਸ ਨੂੰ 85 ਹਜ਼ਾਰ ਕਿਊਸਕ ਤੋਂ ਘਟਾ ਕੇ 70 ਹਜ਼ਾਰ ਕਿਊਸਕ ਕਰ ਦਿੱਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਲੁਧਿਆਣਾ ਦੇ ਡੀਸੀ ਨੇ ਬੀਬੀਐਮਬੀ ਨੂੰ ਇਕ ਸੁਨੇਹਾ ਭੇਜਿਆ ਸੀ ਕਿ ਲੁਧਿਆਣਾ ਜ਼ਿਲ੍ਹੇ ਵਿਚ ਸਤਲੁਜ ਦਰਿਆ ਨਾਲ ਲੱਗਦੇ ਕੁਝ ਬੰਨ੍ਹਾਂ ਵਿਚ ਪਾੜ ਪੈ ਰਿਹਾ ਹੈ ਅਤੇ ਸਤਲੁਜ ਵਿਚ ਪਾਣੀ ਦੇ ਨਿਕਾਸ ਨੂੰ ਘਟਾਇਆ ਜਾਣਾ ਚਾਹੀਦਾ ਹੈ। ਇਸਦੇ ਚੱਲਦਿਆਂ ਬੀਬੀਐਮਬੀ ਦੇ ਚੇਅਰਮੈਨ ਨੇ ਭਾਖੜਾ ਡੈਮ ਤੋਂ ਪਾਣੀ ਦੇ ਵਹਾਅ ਨੂੰ 15 ਹਜ਼ਾਰ ਕਿਊਸਕ ਘਟਾਇਆ ਹੈ। ਮੌਸਮ ਵਿਭਾਗ ਵਲੋਂ ਆਉਣ ਵਾਲੇ ਦਿਨਾਂ ਵਿਚ ਘੱਟ ਮੀਂਹ ਪੈਣ ਦੀ ਭਵਿੱਖਬਾਣੀ ਦੇ ਚੱਲਦਿਆਂ ਬੀਬੀਐਮਬੀ ਦੇ ਅਧਿਕਾਰੀ ਅਗਲੇ ਕੁਝ ਦਿਨਾਂ ਲਈ ਭਾਖੜਾ ਡੈਮ ਵਿਚੋਂ ਪਾਣੀ ਦਾ ਵਹਾਅ 70 ਹਜ਼ਾਰ ਕਿਊਸਕ ਰੱਖਣ ਦਾ ਫੈਸਲਾ ਲੈ ਸਕਦੇ ਹਨ। 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.