Tuesday, 23 June 2026

ਪਹਿਲਾਂ ਭਾਜਪਾਈ, ਫਿਰ ਅਕਾਲੀ ਤੇ ਹੁਣ ਕਾਂਗਰਸੀ ਬਣੇ ਜੋਸ਼ੀ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਦੇ ਸੀਨੀਅਰ ਸਿਆਸਤਦਾਨ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਅਨਿਲ ਜੋਸ਼ੀ ਨੂੰ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸਣੇ ਵੱਡੀ ਗਿਣਤੀ ਆਗੂਆਂ ਵੱਲੋਂ ਚੰਡੀਗੜ੍ਹ ਵਿਖੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਅਨਿਲ ਜੋਸ਼ੀ ਨੇ ਲੰਬਾ ਸਮਾਂ ਭਾਜਪਾ ਲਈ ਕੰਮ ਕੀਤਾ ਅਤੇ ਉਸ ਤੋਂ ਬਾਅਦ ਉਹ ਭਾਜਪਾ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਅਸਤੀਫਾ ਦੇ ਦਿੱਤਾ ਸੀ। ਅਨਿਲ ਜੋਸ਼ੀ ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਸਮੇਂ ਮੰਤਰੀ ਵੀ ਰਹੇ ਹਨ। ਜੋਸ਼ੀ ਦੀ ਕਾਂਗਰਸ ਵਿਚ ਸ਼ਮੂਲੀਅਤ ਨੇ ਸਿਆਸੀ ਹਲਕਿਆਂ ਵਿਚ ਹੁਣ ਨਵੀਂ ਚਰਚਾ ਛੇੜ ਦਿੱਤੀ ਹੈ। ਇਸੇ ਦੌਰਾਨ ਜੋਸ਼ੀ ਦੇ ਇਕ ਨੇੜਲੇ ਸਾਥੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਿਨਾ ਕਿਸੇ ਚੋਣ ਲੜਨ ਦੀ ਸ਼ਰਤ ’ਤੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ।

ਕਿਹਾ : ਪੰਜਾਬ ਦੀ ਮੌਜੂਦਾ ਸਰਕਾਰ ਨੇ ਨਹੀਂ ਨਿਭਾਈ ਜ਼ਿੰਮੇਵਾਰੀ

ਅਜਨਾਲਾ/ਬਿਊਰੋ ਨਿਊਜ਼ 

ਅੰਮਿ੍ਰਤਸਰ ਦੇ ਅਜਨਾਲਾ ਖੇਤਰ ਵਿਚ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਕੇਂਦਰੀ ਰਾਜ ਮੰਤਰੀ ਅਜੈ ਟਮਟਾ ਨੇ ਵੀ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਅਜਨਾਲਾ ਖੇਤਰ ਵਿਚ ਭਿਆਨਕ ਹੜ੍ਹਾਂ ਕਾਰਨ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ। ਮੰਤਰੀ ਨੇ ਕਿਹਾ ਕਿ ਇਨ੍ਹਾਂ ਹੜ੍ਹਾਂ ਕਾਰਨ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵਲੋਂ ਬਣਾਏ ਜਾ ਰਹੇ ਹਾਈਵੇਜ਼ ਦਾ ਵੀ ਬਹੁਤ ਨੁਕਸਾਨ ਹੋਇਆ ਹੈ। ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਰੇਤ ਦੀ ਹੋ ਰਹੀ ਨਜਾਇਜ਼ ਮਾਈਨਿੰਗ ਕਾਰਨ ਸੜਕਾਂ ਦਾ ਵੀ ਵੱਡਾ ਨੁਕਸਾਨ ਹੋ ਰਿਹਾ ਹੈ ਅਤੇ ਇਹ ਨਜਾਇਜ਼ ਮਾਈਨਿੰਗ ਰੋਕਣਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਵਲੋਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਗਈ। ਮੰਤਰੀ ਨੇ ਕਿਹਾ ਕਿ ਉਹ ਇਸ ਸਬੰਧੀ ਸੂਬਾ ਸਰਕਾਰ ਨੂੰ ਪੱਤਰ ਵੀ ਲਿਖਣਗੇ। ਮੰਤਰੀ ਅਜੈ ਟਮਟਾ ਨੇ ਕਿਹਾ ਕਿ ਨਵੇਂ ਹਾਈਵੇਜ਼ ਲਈ ਸੂਬਾ ਸਰਕਾਰ ਵਲੋਂ ਲੋੜੀਂਦਾ ਸਹਿਯੋਗ ਨਾ ਦੇਣ ਕਰਕੇ ਕਈ ਪ੍ਰੋਜੈਕਟ ਅੱਧ ਵਿਚਾਲੇ ਰੁਕੇ ਗਏ ਹਨ। ਇਸ ਮੌਕੇ ਮੰਤਰੀ ਦੇ ਨਾਲ ਸਾਬਕਾ ਵਿਧਾਇਕ ਅਤੇ ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਸਣੇ ਕਈ ਆਗੂ ਹਾਜ਼ਰ ਸਨ। 

ਮੁੱਖ ਮੰਤਰੀ ਭਗਵੰਤ ਮਾਨ ਨੇ ਜਵੰਦਾ ਦੇ ਪਰਿਵਾਰ ਨੂੰ ਮਿਲ ਕੇ ਦਿੱਤਾ ਹੌਸਲਾ

ਮੁਹਾਲੀ/ਬਿਊਰੋ ਨਿਊਜ਼ 

ਪੰਜਾਬੀ ਗਾਇਕ ਰਾਜਵੀਰ ਜਵੰਦਾ ਮੋਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ ਅਤੇ ਉਨ੍ਹਾਂ ਦੀ ਸਿਹਤ ਅਜੇ ਵੀ ਨਾਜ਼ੁਕ ਦੱਸੀ ਜਾ ਰਹੀ ਹੈ। ਹਸਪਤਾਲ ਦੇ ਸੀਨੀਅਰ ਡਾਕਟਰਾਂ ਦਾ ਦੱਸਣਾ ਹੈ ਕਿ ਜਵੰਦਾ ਨੂੰ ਲੰਮੇ ਸਮੇਂ ਤੱਕ ਵੈਂਟੀਲੇਟਰ ਸਹਾਇਤਾ ਦੀ ਲੋੜ ਹੈ। ਡਾਕਟਰਾਂ ਨੇ ਕਿਹਾ ਕਿ ਜਵੰਦਾ ਦੀ ਨਿਊਰੋਲੋਜੀਕਲ ਸਥਿਤੀ ਗੰਭੀਰ ਰੂਪ ਵਿਚ ਕਮਜ਼ੋਰ ਹੈ ਅਤੇ ਦਿਮਾਗੀ ਗਤੀਵਿਧੀ ਬਹੁਤ ਘੱਟ ਦਿਖਾਈ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਰਾਜਵੀਰ ਜਵੰਦਾ ਦਾ ਲੰਘੇ ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ਵਿਚ ਐਕਸੀਡੈਂਟ ਹੋ ਗਿਆ ਸੀ, ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ। ਜਵੰਦਾ ਦਾ ਇਲਾਜ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਚੱਲ ਰਿਹਾ ਹੈ ਅਤੇ ਉਸ ਨੂੰ ਵੈਂਟੀਲੇਟਰ ਸਪੋਰਟ ’ਤੇ ਰੱਖਿਆ ਗਿਆ ਹੈ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫੋਰਟਿਸ ਹਸਪਤਾਲ ਪਹੁੰਚ ਕੇ ਰਾਜਵੀਰ ਜਵੰਦਾ ਦੇ ਪਰਿਵਾਰ ਅਤੇ ਡਾਕਟਰਾਂ ਨਾਲ ਗੱਲਬਾਤ ਕੀਤੀ ਹੈ। ਸੀਐਮ ਮਾਨ ਨੇ ਜਵੰਦਾ ਦੀ ਸਿਹਤ ਸਬੰਧੀ ਜਾਣਕਾਰੀ ਲਈ ਅਤੇ ਪਰਿਵਾਰ ਨੂੰ ਹੌਂਸਲਾ ਦਿੱਤਾ ਹੈ। ਉਨ੍ਹਾਂ ਨੇ ਸਮੂਹ ਪੰਜਾਬੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਪੰਜਾਬੀ ਮਾਂ ਬੋਲੀ ਦਾ ਇਹ ਸਪੂਤ ਜਲਦੀ ਸਿਹਤਯਾਬ ਹੋ ਕੇ ਫਿਰ ਤੋਂ ਲੋਕਾਂ ਦੀ ਕਚਹਿਰੀ ਵਿਚ ਆਵੇਗਾ।

ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੀਮਾ ’ਤੇ ਲੱਗੇ ਆਰੋਪ

ਚੰਡੀਗੜ੍ਹ/ਬਿਊਰੋ ਨਿਊਜ਼

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਗਦੀਪ ਸਿੰਘ ਚੀਮਾ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਹੈ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸੀਨੀਅਰ ਅਕਾਲੀ ਆਗੂਆਂ ਵਲੋਂ ਜਗਦੀਪ ਸਿੰਘ ਚੀਮਾ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਬਾਰੇ ਹਾਈਕਮਾਨ ਨੂੰ ਰਿਪੋਰਟ ਦਿੱਤੀ ਗਈ ਸੀ। ਇਸ ਤੋਂ ਬਾਅਦ ਪਾਰਟੀ ਹਾਈਕਮਾਨ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਜਗਦੀਪ ਸਿੰਘ ਚੀਮਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੱਢਣ ਦਾ ਫੈਸਲਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਪਾਰਟੀ ਦੇ ਸੀਨੀਅਰ ਆਗੂ ਅਤੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਵਲੋਂ ਸਾਂਝੀ ਕੀਤੀ ਗਈ ਹੈ। ਚੀਮਾ ਨੇ ਦੱਸਿਆ ਕਿ ਅਕਾਲੀ ਦਲ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਿਹੜਾ ਵੀ ਆਗੂ ਅਨੁਸ਼ਾਸ਼ਨ ਦੀ ਉਲੰਘਣਾ ਕਰੇਗਾ, ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.