Thursday, 25 June 2026

ਵੈਸਟ ਏਸ਼ੀਆ ਜੰਗ ਦਾ ਸਿੱਧਾ ਅਸਰ
ਨਵੀਂ ਦਿੱਲੀ/ਬਿਊਰੋ ਨਿਊਜ਼
ਵੈਸਟ ਏਸ਼ੀਆ ਵਿਚ ਜਾਰੀ ਸੰਘਰਸ਼ ਦਾ ਅਸਰ ਹੁਣ ਦਿੱਲੀ ਦੀ ਰਸੋਈ ਅਤੇ ਕਾਰੋਬਾਰ ਦੋਵਾਂ ’ਤੇ ਦਿਸਣ ਲੱਗਾ ਹੈ। ਰਾਜਧਾਨੀ ਦਿੱਲੀ ਵਿਚ ਡਰਾਈ ਫਰੂਟਸ ਦੀਆਂ ਕੀਮਤਾਂ ਵਿਚ 20 ਤੋਂ 50 ਫੀਸਦੀ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਸਪਲਾਈ ਪ੍ਰਭਾਵਿਤ ਹੋਣ ਨਾਲ ਬਜ਼ਾਰ ਵਿਚ ਬੇਯਕੀਨੀ ਵਧ ਗਈ ਹੈ, ਜਿਸਦਾ ਸਿੱਧਾ ਅਸਰ ਖਪਤਕਾਰਾਂ ਦੀ ਜੇਬ੍ਹ ’ਤੇ ਪੈ ਰਿਹਾ ਹੈ। ਪੁਰਾਣੀ ਦਿੱਲੀ ਦੇ ਚਾਂਦਨੀ ਚੌਕ ਸਥਿਤ ਖਾਰੀ ਬਾਵਲੀ, ਜੋ ਏਸ਼ੀਆ ਦਾ ਸਭ ਤੋਂ ਵੱਡਾ ਮਸਾਲਾ ਅਤੇ ਡਰਾਈ ਫਰੂਟਸ ਥੋਕ ਬਜ਼ਾਰ ਮੰਨਿਆ ਜਾਂਦਾ ਹੈ, ਉਥੇ ਹਾਲਾਤ ਸਭ ਤੋਂ ਜ਼ਿਆਦਾ ਪ੍ਰਭਾਵਿਤ ਦਿਸ ਰਹੇ ਹਨ। ਖਾਰੀ ਬਾਵਲੀ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਡਰਾਈ ਫਰੂਟਸ ਦੀਆਂ ਕੀਮਤਾਂ ਵਿਚ 20 ਤੋਂ 50 ਫੀਸਦੀ ਤੱਕ ਵਾਧਾ ਹੋਇਆ ਹੈ, ਕਿਉਂਕਿ ਸੰਘਰਸ਼ ਦੌਰਾਨ ਸਪਲਾਈ ਵਿਚ ਭਾਰੀ ਕਮੀ ਆ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਹਾਲਾਤ ਅਜਿਹੇ ਹੀ ਬਣੇ ਰਹੇ ਤਾਂ ਆਉਣ ਵਾਲੇ ਹਫਤਿਆਂ ਵਿਚ ਡਰਾਈ ਫਰੂਟਸ ਦੀਆਂ ਕੀਮਤਾਂ ਵਿਚ ਹੋਰ ਵਾਧਾ ਹੋ ਸਕਦਾ ਹੈ।

ਕੇ.ਕੇ. ਮਿਸਤਰੀ ਅੰਤਰਿਮ ਚੇਅਰਮੈਨ ਬਣੇ
ਨਵੀਂ ਦਿੱਲੀ/ਬਿਊਰੋ ਨਿਊਜ਼
ਐਚਡੀਐਫਸੀ ਬੈਂਕ ਦੇ ਪਾਰਟ ਟਾਈਮ ਚੇਅਰਮੈਨ ਅਤੇ ਇੰਡੀਪੈਂਡੈਂਟ ਡਾਇਰੈਕਟਰ ਅਤਨੂ ਚੱਕਰਵਰਤੀ ਨੇ ਲੰਘੀ ਦੇਰ ਰਾਤ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਬੈਂਕ ਨੇ ਸਟਾਕ ਫਾਈਲਿੰਗ ਵਿਚ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਚੱਕਰਵਰਤੀ ਨੇ ਬੈਂਕ ਦੇ ਕੰਮਕਾਜ ਦੇ ਤੌਰ ਤਰੀਕਿਆਂ ’ਤੇ ਸਵਾਲ ਉਠਾਏ ਹਨ। ਚੱਕਰਵਰਤੀ ਦੇ ਅਸਤੀਫੇ ਤੋਂ ਬਾਅਦ ਭਾਰਤੀ ਰਿਜ਼ਰਵ ਬੈਂਕ ਦੀ ਮਨਜੂਰੀ ਨਾਲ ਕੇ.ਕੇ. ਮਿਸਤਰੀ ਨੂੰ ਤਿੰਨ ਮਹੀਨਿਆਂ ਲਈ ਅੰਤਰਿਮ ਚੇਅਰਮੈਨ ਬਣਾਇਆ ਗਿਆ ਹੈ। ਚੇਅਰਮੈਨ ਅਤਨੂ ਚੱਕਰਵਰਤੀ ਦੇ ਅਸਤੀਫੇ ਦੀ ਖਬਰ ਤੋਂ ਬਾਅਦ ਐਚਡੀਐਫਸੀ ਦੇ ਸ਼ੇਅਰ ਵਿਚ 5 ਫੀਸਦੀ ਦੀ ਗਿਰਾਵਟ ਆਈ ਹੈ। ਇਹ 43 ਰੁਪਏ ਤੋਂ ਡਿੱਗ ਕੇ 800 ਰੁਪਏ ਦੇ ਕਰੀਬ ਕਾਰੋਬਾਰ ਕਰ ਰਿਹਾ ਹੈ। ਇਸ ਸਾਲ ਐਚਡੀਐਫਸੀ ਦਾ ਸ਼ੇਅਰ ਕਰੀਬ 20 ਫੀਸਦੀ ਟੁੱਟ ਚੁੱਕਾ ਹੈ। ਜ਼ਿਕਰਯੋਗ ਹੈ ਕਿ ਅਤਨੂ ਚੱਕਰਵਰਤੀ ਨੇ ਆਪਣੇ ਅਸਤੀਫੇ ਵਿਚ ਬੈਂਕ ਦੇ ਇੰਟਰਨਲ ਕਲਚਰ ਅਤੇ ਕੰਮਕਾਜ ’ਤੇ ਸਵਾਲ ਉਠਾਏ ਹਨ।

60% ਸੀਟਾਂ ਬਿਨਾਂ ਕਿਸੇ ਵਾਧੂ ਕਿਰਾਏ ਦੇ ਉਪਲਬਧ ਹੋਣਗੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼  
ਭਾਰਤੀ ਨਾਗਰਿਕ ਹਵਾਈ ਯਾਨ ਮੰਤਰਾਲੇ ਵੱਲੋਂ ਹਵਾਈ ਯਾਤਰਾ ਨੂੰ ਹੋਰ ਆਸਾਨ ਬਣਾਉਣ ਲਈ ਨਵੇਂ ਨਿਯਮ ਜਾਰੀ ਕੀਤੇ ਗਏ ਹਨ। ਨਵੇਂ ਨਿਯਮਾਂ ਅਨੁਸਾਰ, ਹਰ ਫਲਾਈਟ ਵਿੱਚ ਘੱਟੋ-ਘੱਟ 60% ਸੀਟਾਂ ਬਿਨਾਂ ਕਿਸੇ ਵਾਧੂ ਕਿਰਾਏ ਦੇ ਉਪਲਬਧ ਕਰਵਾਈਆਂ ਜਾਣਗੀਆਂ। ਇਸਦਾ ਮਤਲਬ ਹੈ ਕਿ ਯਾਤਰੀਆਂ ਨੂੰ ਸੀਟ ਚੁਣਨ ਲਈ ਵੱਖਰਾ ਭੁਗਤਾਨ ਨਹੀਂ ਕਰਨਾ ਪਵੇਗਾ। ਇਸ ਤੋਂ ਇਲਾਵਾ, ਇੱਕ ਹੋਰ ਮਹੱਤਵਪੂਰਨ ਮੁੱਦੇ ਨੂੰ ਵੀ ਹੱਲ ਕੀਤਾ ਗਿਆ ਹੈ। ਅਕਸਰ ਇੱਕੋ ਟਿਕਟ ਜਾਂ ਪੀ.ਐਨ.ਆਰ. ’ਤੇ ਯਾਤਰਾ ਕਰ ਰਹੇ ਪਰਿਵਾਰ ਜਾਂ ਦੋਸਤਾਂ ਨੂੰ ਵੱਖ-ਵੱਖ ਸੀਟਾਂ ਮਿਲ ਜਾਂਦੀਆਂ ਹਨ। ਹੁਣ ਸਰਕਾਰ ਨੇ ਏਅਰਲਾਈਨਾਂ ਨੂੰ ਹਦਾਇਤ ਦਿੱਤੀ ਹੈ ਕਿ ਅਜਿਹੇ ਯਾਤਰੀਆਂ ਨੂੰ ਸੰਭਵ ਹੋਵੇ ਤਾਂ ਇਕੱਠੇ ਜਾਂ ਨੇੜੇ-ਨੇੜੇ ਸੀਟਾਂ ਦਿੱਤੀਆਂ ਜਾਣ।  

ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵੱਲੋਂ ਬੈਂਕਾਂ ਤੋਂ ਏਟੀਐਮ, ਬੈਂਕ ਕਾਊਂਟਰਾਂ ਅਤੇ ਸ਼ਾਖਾਵਾਂ ਵਿੱਚ ਫੇਸ ਰਿਕੋਗਨਿਸ਼ਨ ਜਾਂ ਹੋਰ ਆਰਟੀਫੀਸ਼ਲ ਇੰਟੈਲੀਜੈਂਸ (ਏਆਈ) ਅਧਾਰਿਤ ਸਿਸਟਮ ਲਗਾਉਣ ਬਾਰੇ ਸੁਝਾਅ ਮੰਗੇ ਗਏ ਹਨ। ਇਹ ਤਕਨੀਕ ਖ਼ਾਸ ਕਰਕੇ ਉਹਨਾਂ ਇਲਾਕਿਆਂ ਵਿੱਚ ਲਾਗੂ ਕੀਤੀ ਜਾਵੇਗੀ ਜਿੱਥੇ ਧੋਖਾਧੜੀ ਦੇ ਮਾਮਲੇ ਵੱਧ ਹਨ। ਇਸ ਮਾਮਲੇ ਨਾਲ ਜੁੜੇ ਸਰੋਤਾਂ ਦੇ ਮੁਤਾਬਕ, ਜੇਕਰ ਇਹ ਤਕਨੀਕ ਲਾਗੂ ਹੁੰਦੀ ਹੈ ਤਾਂ ਇਸ ਨਾਲ ਸੁਰੱਖਿਆ ਦਾ ਇੱਕ ਵਾਧੂ ਘੇਰਾ ਤਿਆਰ ਹੋਵੇਗਾ ਅਤੇ ਫਰਾਡ ਮਾਮਲਿਆਂ ’ਤੇ ਕਾਬੂ ਪਾਇਆ ਜਾ ਸਕੇਗਾ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.