Wednesday, 27 May 2026

ਚੰਡੀਗੜ੍ਹ/ਬਿਊਰੋ ਨਿਊਜ਼
ਪੰਜ ਵਾਰ ਦੇ ਉਲੰਪੀਅਨ ਅਤੇ ਏਸ਼ੀਆਈ ਖੇਡਾਂ ਦੇ ਗੋਲਡ ਮੈਡਲ ਜੇਤੂ, ਪ੍ਰਸਿੱਧ ਖੇਡ ਪ੍ਰਸ਼ਾਸ਼ਕ ਅਤੇ ਅਰਜੁਨ ਐਵਾਰਡੀ ਨਿਸ਼ਾਨੇਬਾਜ਼ ਰਾਜਾ ਰਣਧੀਰ ਸਿੰਘ ਦਾ ਅੱਜ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਰਾਜਾ ਰਣਧੀਰ ਸਿੰਘ ਦੀ ਉਮਰ 79 ਸਾਲ ਸੀ ਅਤੇ ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚਚੇਰੇ ਭਰਾ ਸਨ। ਇਹ ਦਿੱਗਜ਼ ਨਿਸ਼ਾਨੇਬਾਜ਼ ਇਕ ਖੇਡ ਪਰਿਵਾਰ ਦੀ ਚੌਥੀ ਪੀੜੀ ਸਨ। ਉਨ੍ਹਾਂ ਦੇ ਚਾਚਾ ਮਹਾਰਾਜਾ ਯਾਦਵਿੰਦਰ ਸਿੰਘ ਭਾਰਤ ਦੇ ਟੈਸਟ ਕ੍ਰਿਕਟਰ ਸਨ ਅਤੇ ਉਨ੍ਹਾਂ ਦੇ ਪਿਤਾ ਰਾਜਾ ਭਲਿੰਦਰ ਸਿੰਘ 1947 ਤੋਂ 1992 ਤੱਕ ਇੰਡੀਅਨ ਉਲੰਪਿਕ ਕਮੇਟੀ ਦੇ ਮੈਂਬਰ ਰਹੇ। ਰਣਧੀਰ ਸਿੰਘ ਨੇ ਕਈ ਦੇਸ਼ਾਂ ਵਿਚ ਉਲੰਪਿਕ ਖੇਡਾਂ ਵਿਚ ਭਾਰਤ ਵਲੋਂ ਨੁਮਾਇੰਦਗੀ ਕੀਤੀ। ਉਨ੍ਹਾਂ ਨੇ ਬੈਂਕਾਕ ਏਸ਼ੀਆਈ ਖੇਡਾਂ ਦੌਰਾਨ ਸ਼ੂਟਿੰਗ ’ਚ ਗੋਲਡ ਮੈਡਲ ਅਤੇ 1982 ਵਿਚ ਨਵੀਂ ਦਿੱਲੀ ’ਚ ਹੋਈਆਂ ਏਸ਼ੀਆਈ ਖੇਡਾਂ ਦੌਰਾਨ ਵਿਅਕਤੀਗਤ ਤੌਰ ’ਤੇ ਕਾਂਸੀ ਅਤੇ ਟੀਮ ਵਿਚ ਚਾਂਦੀ ਦਾ ਤਮਗਾ ਜਿੱਤਿਆ ਸੀ। ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਨੇ ਰਾਜਾ ਰਣਧੀਰ ਸਿੰਘ ਦੇ ਦਿਹਾਂਤ ’ਤੇ ਦੁੱਖ ਪ੍ਰਗਟ ਕੀਤਾ ਅਤੇ ਇਸ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।

ਨਵੀਂ ਦਿੱਲੀ : ਓਲੰਪੀਅਨ ਪਹਿਲਵਾਨ ਅਤੇ ਜੁਲਾਨਾ ਤੋਂ ਕਾਂਗਰਸੀ ਵਿਧਾਇਕ ਵਿਨੇਸ਼ ਫੋਗਾਟ ਨੇ ਖੁੱਲ੍ਹ ਕੇ ਸਾਹਮਣੇ ਆਉਂਦਿਆਂ ਕਿਹਾ ਹੈ ਕਿ ਉਹ ਉਨ੍ਹਾਂ ਛੇ ਪੀੜਤਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਅਤੇ ਭਾਰਤੀ ਕੁਸ਼ਤੀ ਫੈਡਰੇਸ਼ਨ (WFI) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਵਾਈ ਸੀ।

ਐਤਵਾਰ ਨੂੰ ਸੋਸ਼ਲ ਮੀਡੀਆ ’ਤੇ ਪਾਈ ਇੱਕ ਪੋਸਟ ਵਿੱਚ ਵਿਨੇਸ਼ ਨੇ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਦੇ ਗੋਂਡਾ ਵਿੱਚ ਨੰਦਿਨੀ ਨਗਰ ਵਿਖੇ ਹੋਣ ਵਾਲੇ '2026 ਸੀਨੀਅਰ ਓਪਨ ਰੈਂਕਿੰਗ ਟੂਰਨਾਮੈਂਟ' ਵਿੱਚ ਹਿੱਸਾ ਲੈਣ ਜਾ ਰਹੀ ਹੈ। ਗੋਂਡਾ ਬ੍ਰਿਜ ਭੂਸ਼ਣ ਸਿੰਘ ਦਾ ਮਜ਼ਬੂਤ ਗੜ੍ਹ ਮੰਨਿਆ ਜਾਂਦਾ ਹੈ। ਵਿਨੇਸ਼ ਨੇ 10 ਤੋਂ 12 ਮਈ ਤੱਕ ਹੋਣ ਵਾਲੇ ਇਸ ਮੁਕਾਬਲੇ ਦੌਰਾਨ ਰੈਫਰੀਆਂ ਦੀ ਨਿਰਪੱਖਤਾ ਨੂੰ ਲੈ ਕੇ ਗੰਭੀਰ ਚਿੰਤਾਵਾਂ ਜਤਾਈਆਂ ਹਨ।

ਵਿਨੇਸ਼ ਨੇ ਆਪਣੀ ਪੋਸਟ ਵਿੱਚ ਕਿਹਾ ਕਿ ਇਹ ਟੂਰਨਾਮੈਂਟ ਉਸ ਜਗ੍ਹਾ 'ਤੇ ਕਰਵਾਇਆ ਜਾ ਰਿਹਾ ਹੈ ਜਿੱਥੇ ਬ੍ਰਿਜ ਭੂਸ਼ਣ ਸਿੰਘ ਰਹਿੰਦਾ ਹੈ ਅਤੇ ਉੱਥੇ ਉਸ ਦਾ ਆਪਣਾ ਨਿੱਜੀ ਕਾਲਜ ਹੈ। ਉਨ੍ਹਾਂ ਕਿਹਾ ਕਿ ਇਹ ਸੋਚਣਾ ਅਸੰਭਵ ਹੈ ਕਿ ਉੱਥੇ ਪਹਿਲਵਾਨਾਂ ਨੂੰ ਅੱਗੇ ਵਧਣ ਦਾ ਸਹੀ ਮੌਕਾ ਮਿਲੇਗਾ। ਉਨ੍ਹਾਂ ਸਵਾਲ ਉਠਾਇਆ ਕਿ ਕਿਹੜਾ ਰੈਫਰੀ ਕਿਹੜੇ ਮੈਚ ਵਿੱਚ ਹੋਵੇਗਾ, ਕਿੰਨੇ ਅੰਕ ਦਿੱਤੇ ਜਾਣਗੇ ਅਤੇ ਕੌਣ ਮੈਟ ਚੇਅਰਮੈਨ ਬਣੇਗਾ - ਇਹ ਸਭ ਬ੍ਰਿਜ ਭੂਸ਼ਣ ਦੇ ਲੋਕਾਂ ਵੱਲੋਂ ਕੰਟਰੋਲ ਕੀਤਾ ਜਾ ਸਕਦਾ ਹੈ, ਜਦੋਂ ਕਿ ਸਾਡੀ ਸਰਕਾਰ ਅਤੇ ਖੇਡ ਮੰਤਰਾਲਾ ਮੂਕ ਦਰਸ਼ਕ ਬਣ ਕੇ ਸਭ ਦੇਖ ਰਹੇ ਹਨ।

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਖੇਡਾਂ ਦੇ ਖੇਤਰ ਵਿੱਚ ਦੇਸ਼ ਦਾ ਨਾਮ ਦੁਨੀਆ ਭਰ ਵਿੱਚ ਰੌਸ਼ਨ ਕਰਨ ਵਾਲੇ ਪੰਜਾਬ ਨਾਲ ਸਬੰਧਤ 87 ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਮੁੱਖ ਮੰਤਰੀ ਨੇ ਮਹਿਲਾ ਕ੍ਰਿਕਟ ਵਿਸ਼ਵ ਕੱਪ ਜੇਤੂ ਕਪਤਾਨ ਹਰਮਨਪ੍ਰੀਤ ਕੌਰ, ਹਰਲੀਨ ਦਿਓਲ ਅਤੇ ਅਮਨਜੋਤ ਕੌਰ ਨੂੰ ਡੇਢ-ਡੇਢ ਕਰੋੜ ਰੁਪਏ ਅਤੇ ਪੈਰਾ ਪਾਵਰਲਿਫਟਰ ਪਰਮਜੀਤ ਸਿੰਘ ਨੂੰ 55 ਲੱਖ ਰੁਪਏ ਨਾਲ ਸਨਮਾਨਿਆ। ਇਸ ਤੋਂ ਇਲਾਵਾ ਸਾਲ 2019 ਤੋਂ 2023 ਤੱਕ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ 1,070 ਖਿਡਾਰੀਆਂ ਨੂੰ 32.5 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।

ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਪੰਜਾਬ ਨੂੰ ਦੇਸ਼ ਤੇ ਦੁਨੀਆ ਦਾ ਮੋਹਰੀ ਸੂਬਾ ਬਣਾਉਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਪਿਛਲੀਆਂ ਸਰਕਾਰਾਂ ਨੇ ਕਦੇ ਵੀ ਖੇਡਾਂ ਦੇ ਖੇਤਰ ਨੂੰ ਤਰਜੀਹ ਨਹੀਂ ਦਿੱਤੀ। ਪਿਛਲੀਆਂ ਸਰਕਾਰਾਂ ਨੇ ਖੇਡ ਐਸੋਸੀਏਸ਼ਨਾਂ ’ਤੇ ਵੀ ਰਾਜਸੀ ਆਗੂਆਂ ਦਾ ਕਬਜ਼ਾ ਕਰਵਾ ਕੇ ਰੱਖਿਆ ਹੈ, ਜਦੋਂ ਕਿ ਮੌਜੂਦਾ ਸਰਕਾਰ ਨੇ ਸੂਬੇ ਦੀਆਂ ਸਾਰੀਆਂ ਖੇਡ ਐਸੋਸੀਏਸ਼ਨਾਂ ਨੂੰ ਸਿਆਸੀ ਆਗੂਆਂ ਦੇ ਹੱਥੋਂ ਕੱਢ ਕੇ ਖਿਡਾਰੀਆਂ ਦੇ ਹਵਾਲੇ ਕਰ ਦਿੱਤਾ। ‘ਆਪ’ ਸਰਕਾਰ ਨੇ ਮੌਜੂਦਾ ਵਿੱਤ ਵਰ੍ਹੇ ਦੌਰਾਨ ਖੇਡਾਂ ਦਾ ਬਜਟ 1790 ਕਰੋੜ ਰੁਪਏ ਰੱਖਿਆ ਹੈ। ਇਸ ਦੌਰਾਨ ‘ਖੇਡਾਂ ਵਤਨ ਪੰਜਾਬ ਦੀਆਂ’ ਸ਼ੁਰੂ ਕੀਤੀਆਂ ਅਤੇ ਸੂਬੇ ਦੇ ਪਿੰਡਾਂ ਵਿੱਚ 1300 ਕਰੋੜ ਰੁਪਏ ਦੀ ਲਾਗਤ ਨਾਲ 3148 ਪੇਂਡੂ ਖੇਡ ਮੈਦਾਨ ਵਿਕਸਤ ਕੀਤੇ।

ਪੰਜਾਬ ਦਿਵਸ ’ਤੇ ਭਾਰਤ-ਪਾਕਿ ਵਿਚਾਲੇ ਹੋਵੇਗਾ ਹਾਕੀ ਮੈਚ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਕਤੂਬਰ ਵਿੱਚ ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰੇਗਾ। ਇਸੇ ਚੈਂਪੀਅਨਸ਼ਿਪ ਦੌਰਾਨ ਪਹਿਲੀ ਨਵੰਬਰ ਨੂੰ ਪੰਜਾਬ ਦਿਵਸ ਵਾਲੇ ਦਿਨ ਭਾਰਤ-ਪਾਕਿਸਤਾਨ ਵਿਚਕਾਰ ਹਾਕੀ ਮੁਕਾਬਲਾ ਕਰਵਾਇਆ ਜਾਵੇਗਾ।

ਭਾਰਤੀ ਤੇਜ਼ ਗੇਂਦਬਾਜ਼ ਦੇ ਪਿਤਾ ਮਾਸਟਰਜ਼ ਵਿਸ਼ਵ ਕੱਪ ਵਿੱਚ ਖੇਡਣਗੇ

ਚੰਡੀਗੜ੍ਹ : ਆਮ ਤੌਰ ’ਤੇ ਬੱਚੇ ਆਪਣੇ ਮਾਪਿਆਂ ਦੇ ਨਕਸ਼ੇ-ਕਦਮਾਂ ’ਤੇ ਚੱਲਦੇ ਹਨ ਪਰ ਭਾਰਤੀ ਤੇਜ਼ ਗੇਂਦਬਾਜ਼ ਅਤੇ ਦੋ ਵਾਰ ਦੇ ਟੀ-20 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਅਰਸ਼ਦੀਪ ਸਿੰਘ ਦੇ ਮਾਮਲੇ ਵਿੱਚ ਉਲਟ ਹੋ ਰਿਹਾ ਹੈ। ਅਰਸ਼ਦੀਪ ਦੇ ਪਿਤਾ ਦਰਸ਼ਨ ਸਿੰਘ ਦੀ ਚੋਣ ਅਗਸਤ 2026 ਵਿੱਚ ਮਿਸੀਸਾਗਾ (ਕੈਨੇਡਾ) ਵਿਚ ਹੋਣ ਵਾਲੇ 60 ਸਾਲ ਤੋਂ ਉੱਪਰ (Above 60's) ਦੇ ਕ੍ਰਿਕਟ ਵਿਸ਼ਵ ਕੱਪ ਲਈ ਭਾਰਤੀ ਟੀਮ ਵਿੱਚ ਹੋਈ ਹੈ। ਵੈਟਰਨਜ਼ ਕ੍ਰਿਕਟ ਇੰਡੀਆ (VCI) ਨੇ ਇਸ ਟੂਰਨਾਮੈਂਟ ਲਈ 16 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ, ਜਿਸ ਦਾ ਪ੍ਰਬੰਧ ਕੌਂਸਲ ਆਫ ਕੈਨੇਡਾ ਮਾਸਟਰਜ਼ ਕ੍ਰਿਕਟ ਵੱਲੋਂ ਕੀਤਾ ਜਾ ਰਿਹਾ ਹੈ।

ਭਾਰਤੀ ਟੀਮ ਦੀ ਚੋਣ ਲਈ ਨੈਸ਼ਨਲ ਇੰਟਰ-ਜ਼ੋਨਲ ਟੂਰਨਾਮੈਂਟ ਕਰਵਾਇਆ ਗਿਆ ਸੀ ਅਤੇ ਖਿਡਾਰੀਆਂ ਦੀ ਫਿਟਨੈੱਸ ਦਾ ਮੁਲਾਂਕਣ ਕੀਤਾ ਗਿਆ। ਇਸ ਟੀਮ ਵਿੱਚ ਖਿਡਾਰੀਆਂ ਦੇ ਹੁਨਰ, ਸਰੀਰਕ ਸਮਰੱਥਾ ਅਤੇ ਖੇਡ ਪ੍ਰਤੀ ਉਨ੍ਹਾਂ ਦੇ ਨਜ਼ਰੀਏ ਨੂੰ ਮੁੱਖ ਰੱਖਿਆ ਗਿਆ। ਚੁਣੇ ਗਏ ਖਿਡਾਰੀਆਂ ਵਿੱਚ ਯੂ.ਆਰ. ਰਾਧਾਕ੍ਰਿਸ਼ਨਨ, ਵਰਿੰਦਰ ਭੁੰਬਲਾ, ਹੈਦਰ ਅਲੀ ਅਤੇ ਦਰਸ਼ਨ ਸਿੰਘ ਸਮੇਤ ਕੁੱਲ 16 ਮੈਂਬਰ ਸ਼ਾਮਲ ਹਨ।

ਭਾਰਤੀ ਟੀਮ ਨੂੰ ਪੂਲ-ਬੀ ਵਿੱਚ ਰੱਖਿਆ ਗਿਆ ਹੈ ਜਿੱਥੇ ਉਸ ਦਾ ਮੁਕਾਬਲਾ ਇੰਗਲੈਂਡ, ਨਿਊਜ਼ੀਲੈਂਡ, ਅਮਰੀਕਾ, ਜ਼ਿੰਬਾਬਵੇ, ਵੈਸਟਇੰਡੀਜ਼ ਅਤੇ ਸਕਾਟਲੈਂਡ ਵਰਗੀਆਂ ਟੀਮਾਂ ਨਾਲ ਹੋਵੇਗਾ। ਪੂਲ-ਏ ਵਿੱਚ ਆਸਟ੍ਰੇਲੀਆ, ਸ੍ਰੀਲੰਕਾ, ਪਾਕਿਸਤਾਨ, ਕੈਨੇਡਾ ਅਤੇ ਦੱਖਣੀ ਅਫਰੀਕਾ ਵਰਗੀਆਂ ਟੀਮਾਂ ਸ਼ਾਮਲ ਹਨ। ਇਹ ਟੂਰਨਾਮੈਂਟ 9 ਅਗਸਤ ਤੋਂ ਸ਼ੁਰੂ ਹੋਵੇਗਾ ਅਤੇ ਇਸ ਦਾ ਫਾਈਨਲ ਮੁਕਾਬਲਾ 23 ਅਗਸਤ ਨੂੰ ਖੇਡਿਆ ਜਾਵੇਗਾ।

ਸੀ.ਆਈ.ਐੱਸ.ਐੱਫ. (CISF) ਦੇ ਸਾਬਕਾ ਇੰਸਪੈਕਟਰ ਦਰਸ਼ਨ ਸਿੰਘ ਖੁਦ ਕ੍ਰਿਕਟ ਦੇ ਬਹੁਤ ਵੱਡੇ ਸ਼ੌਕੀਨ ਹਨ। ਉਹ ਲਗਾਤਾਰ ਕਾਰਪੋਰੇਟ ਕ੍ਰਿਕਟ ਖੇਡਦੇ ਰਹੇ ਹਨ ਅਤੇ ਅਰਸ਼ਦੀਪ ਸਿੰਘ ਨੂੰ ਸਥਾਨਕ ਮੈਦਾਨਾਂ ਤੋਂ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਉਣ ਵਿੱਚ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਹੁਣ ਉਹ ਖੁਦ ਵਿਸ਼ਵ ਪੱਧਰ 'ਤੇ ਭਾਰਤ ਦੀ ਨੁਮਾਇੰਦਗੀ ਕਰਨ ਲਈ ਤਿਆਰ ਹਨ।

ਗੁਹਾਟੀ : ਅਫ਼ਗਾਨਿਸਤਾਨ ਖ਼ਿਲਾਫ਼ ਹੋਣ ਵਾਲੇ ਅਗਲੇ ਘਰੇਲੂ ਮੁਕਾਬਲਿਆਂ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਅਜੀਤ ਅਗਰਕਰ ਦੀ ਅਗਵਾਈ ਹੇਠਲੀ ਕੌਮੀ ਚੋਣ ਕਮੇਟੀ ਨੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਟੈਸਟ ਟੀਮ ਦੀ ਉਪ ਕਪਤਾਨੀ ਤੋਂ ਹਟਾ ਦਿੱਤਾ ਹੈ। ਇਸ ਦੇ ਨਾਲ ਹੀ ਉਸ ਨੂੰ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ’ਚੋਂ ਵੀ ਬਾਹਰ ਕਰ ਦਿੱਤਾ ਹੈ। ਪੰਤ ਦੀ ਥਾਂ ਕੇ ਐੱਲ ਰਾਹੁਲ ਟੈਸਟ ਟੀਮ ਦਾ ਨਵਾਂ ਉਪ ਕਪਤਾਨ ਹੋਵੇਗਾ। ਇੱਕ ਰੋਜ਼ਾ ਟੀਮ ਦਾ ਉਪ ਕਪਤਾਨ ਸ਼੍ਰੇਅਸ ਅਈਅਰ ਨੂੰ ਬਣਾਇਆ ਗਿਆ ਹੈ। ਦੋਵਾਂ ਟੀਮਾਂ ਦੀ ਕਮਾਨ ਸ਼ੁਭਮਨ ਗਿੱਲ ਦੇ ਹੱਥ ਹੈ। ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀ ਵੀ ਇੱਕ ਰੋਜ਼ਾ ਟੀਮ ਵਿੱਚ ਵਾਪਸੀ ਹੋਈ ਹੈ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਦੋਵਾਂ ਲੜੀਆਂ ਤੋਂ ਆਰਾਮ ਦਿੱਤਾ ਗਿਆ ਹੈ। ਅਗਰਕਰ ਨੇ ਦੱਸਿਆ ਕਿ ਬੁਮਰਾਹ ਇੰਗਲੈਂਡ ਦੌਰੇ ’ਤੇ ਵਾਪਸੀ ਕਰੇਗਾ। ਟੈਸਟ ਟੀਮ ਵਿੱਚ ਸਪਿੰਨਰ ਮਾਨਵ ਸੁਥਾਰ ਅਤੇ ਤੇਜ਼ ਗੇਂਦਬਾਜ਼ ਗੁਰਨੂਰ ਬਰਾੜ ਨੂੰ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਹੈ।

ਟੈਸਟ ਟੀਮ ਵਿੱਚ ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜੈਸਵਾਲ, ਕੇ ਐੱਲ ਰਾਹੁਲ (ਉਪ ਕਪਤਾਨ), ਸਾਈ ਸੁਦਰਸ਼ਨ, ਰਿਸ਼ਭ ਪੰਤ, ਦੇਵਦੱਤ ਪੱਡੀਕਲ, ਨਿਤੀਸ਼ ਕੁਮਾਰ ਰੈੱਡੀ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ, ਮਾਨਵ ਸੁਥਾਰ, ਗੁਰਨੂਰ ਬਰਾੜ, ਹਰਸ਼ ਦੂਬੇ ਅਤੇ ਧਰੁਵ ਜੁਰੇਲ ਸ਼ਾਮਲ ਹਨ। ਇਸੇ ਤਰ੍ਹਾਂ ਇੱਕ ਰੋਜ਼ਾ ਟੀਮ ਵਿੱਚ ਸ਼ੁਭਮਨ ਗਿੱਲ (ਕਪਤਾਨ), ਸ਼੍ਰੇਅਸ ਅਈਅਰ (ਉਪ ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਕੇ ਐੱਲ ਰਾਹੁਲ, ਈਸ਼ਾਨ ਕਿਸ਼ਨ, ਹਾਰਦਿਕ ਪੰਡਿਆ, ਨਿਤੀਸ਼ ਕੁਮਾਰ ਰੈੱਡੀ, ਵਾਸ਼ਿੰਗਟਨ ਸੁੰਦਰ, ਹਰਸ਼ ਦੂਬੇ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਪ੍ਰਸਿੱਧ ਕ੍ਰਿਸ਼ਨਾ, ਪ੍ਰਿੰਸ ਯਾਦਵ ਅਤੇ ਗੁਰਨੂਰ ਬਰਾੜ ਨੂੰ ਸ਼ਾਮਲ ਕੀਤਾ ਗਿਆ ਹੈ। ਅਫ਼ਗਾਨਿਸਤਾਨ ਖ਼ਿਲਾਫ਼ ਖੇਡਿਆ ਜਾਣ ਵਾਲਾ ਇਕਲੌਤਾ ਟੈਸਟ ਮੈਚ ਛੇ ਜੂਨ ਤੋਂ ਮੁੱਲਾਂਪੁਰ ਗਰੀਬਦਾਸ (ਨਿਊ ਚੰਡੀਗੜ੍ਹ) ਸਥਿਤ ਪੀ ਸੀ ਏ ਸਟੇਡੀਅਮ ਵਿੱਚ ਸ਼ੁਰੂ ਹੋਵੇਗਾ। ਇਸ ਤੋਂ ਬਾਅਦ 14 ਜੂਨ ਤੋਂ ਧਰਮਸ਼ਾਲਾ, ਲਖਨਊ ਅਤੇ ਚੇਨੱਈ ਵਿੱਚ ਤਿੰਨ ਇੱਕ ਰੋਜ਼ਾ ਮੈਚ ਖੇਡੇ ਜਾਣਗੇ।

ਹੌਰਸੈਂਜ਼ (ਡੈਨਮਾਰਕ) : ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀ ਵੀ ਸਿੰਧੂ ਨੇ ਵਿਸ਼ਵ ਬੈਡਮਿੰਟਨ ਫੈਡਰੇਸ਼ਨ (ਬੀ ਡਬਲਿਊ ਐੱਫ) ਦੀ ਕੌਂਸਲ ਮੈਂਬਰ ਵਜੋਂ ਆਪਣੀ ਨਵੀਂ ਪਾਰੀ ਦਾ ਆਗਾਜ਼ ਕਰਦਿਆਂ ਦੁਨੀਆ ਭਰ ਦੇ ਖਿਡਾਰੀਆਂ ਦੇ ਮਸਲੇ ਉੱਚ ਪੱਧਰ ’ਤੇ ਚੁੱਕਣ ਦਾ ਅਹਿਦ ਲਿਆ ਹੈ। ਬੈਡਮਿੰਟਨ ਜਗਤ ਦੀਆਂ ਸਭ ਤੋਂ ਸਫਲ ਖਿਡਾਰਨਾਂ ’ਚੋਂ ਇੱਕ ਸਿੰਧੂ ਨੂੰ ਦਸੰਬਰ ਵਿੱਚ ‘ਬੀ ਡਬਲਿਊ ਐੱਫ ਖਿਡਾਰੀ ਕਮਿਸ਼ਨ’ ਦੀ ਚੇਅਰਪਰਸਨ ਚੁਣਿਆ ਗਿਆ ਸੀ ਜਿਸ ਸਦਕਾ ਉਸ ਨੂੰ ਕੌਂਸਲ ਵਿੱਚ ਮੁਕੰਮਲ ਵੋਟਿੰਗ ਅਧਿਕਾਰ ਹਾਸਲ ਹੋਏ ਹਨ। ਸਿੰਧੂ ਅਧਿਕਾਰਤ ਤੌਰ ’ਤੇ 2025 ਦੇ ਅਖ਼ੀਰ ਵਿੱਚ ਇਸ ਕੌਂਸਲ ਵਿੱਚ ਸ਼ਾਮਲ ਹੋਈ ਸੀ ਅਤੇ 25 ਅਪਰੈਲ ਨੂੰ ਹੋਈ ਸਾਲਾਨਾ ਮੀਟਿੰਗ ਵਿੱਚ ਹਿੱਸਾ ਲੈ ਕੇ ਉਸ ਨੇ ਆਪਣਾ ਕਾਰਜਕਾਲ ਸ਼ੁਰੂ ਕੀਤਾ।

 

ਧਰਮਸ਼ਾਲਾ : ਰੌਇਲ ਚੈਲੈਂਜਰਜ਼ ਬੰਗਲੂਰੂ (ਆਰ ਸੀ ਬੀ) ਇੱਥੇ ਪੰਜਾਬ ਕਿੰਗਜ਼ ਨੂੰ 23 ਦੌੜਾਂ ਨਾਲ ਹਰਾ ਕੇ ਆਈ ਪੀ ਐੱਲ ਪਲੇਅਆਫ ਵਿੱਚ ਪੁੱਜਣ ਵਾਲੀ ਪਹਿਲੀ ਟੀਮ ਬਣ ਗਈ ਹੈ। ਉਧਰ, ਪੰਜਾਬ ਦੀ ਟੀਮ ਸ਼ਾਨਦਾਰ ਸ਼ੁਰੂਆਤ ਮਗਰੋਂ ਲਗਾਤਾਰ ਛੇਵਾਂ ਮੈਚ ਹਾਰ ਕੇ ਟੂਰਨਾਮੈਂਟ ’ਚੋਂ ਬਾਹਰ ਹੋਣ ਕੰਢੇ ਪੁੱਜ ਗਈ ਹੈ।

ਬੱਲੇਬਾਜ਼ੀ ਦਾ ਸੱਦਾ ਮਿਲਣ ਮਗਰੋਂ ਬੰਗਲੂਰੂ ਨੇ ਵੈਂਕਟੇਸ਼ ਅਈਅਰ ਦੀਆਂ 40 ਗੇਂਦਾਂ ਵਿੱਚ ਨਾਬਾਦ 73 ਦੌੜਾਂ ਸਦਕਾ 4 ਵਿਕਟਾਂ ’ਤੇ 222 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਵਿਰਾਟ ਕੋਹਲੀ ਨੇ 58, ਦੇਵਦੱਤ ਪਡੀਕਲ ਨੇ 45 ਅਤੇ ਟਿਮ ਡੇਵਿਡ ਨੇ 28 ਦੌੜਾਂ ਦਾ ਅਹਿਮ ਯੋਗਦਾਨ ਪਾਇਆ। 223 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਪੰਜਾਬ ਦੀ ਸ਼ੁਰੂਆਤ ਖ਼ਰਾਬ ਰਹੀ। ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਪਹਿਲੇ ਹੀ ਓਵਰ ਵਿੱਚ ਪ੍ਰਿਯਾਂਸ਼ ਆਰੀਆ ਨੂੰ ਆਊਟ ਕਰ ਕੇ ਪੰਜਾਬ ਨੂੰ ਵੱਡਾ ਝਟਕਾ ਦਿੱਤਾ। ਪ੍ਰਭਸਿਮਰਨ ਸਿੰਘ ਅਤੇ ਕਪਤਾਨ ਸ਼੍ਰੇਅਸ ਅਈਅਰ ਵੀ ਪਾਵਰਪਲੇਅ ਵਿੱਚ ਹੀ ਆਊਟ ਹੋ ਗਏ। ਸੂਰਿਆਂਸ਼ ਸ਼ੇਡਗੇ ਨੇ ਪਾਰੀ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਲਗਾਤਾਰ ਡਿੱਗਦੀਆਂ ਵਿਕਟਾਂ ਨੇ ਟੀਮ ’ਤੇ ਦਬਾਅ ਵਧਾ ਦਿੱਤਾ। ਇਸ ਮਗਰੋਂ ਸ਼ਸ਼ਾਂਕ ਸਿੰਘ ਨੇ 27 ਗੇਂਦਾਂ ਵਿੱਚ 56 ਦੌੜਾਂ ਦੀ ਪਾਰੀ ਖੇਡ ਕੇ ਸੰਘਰਸ਼ ਜਾਰੀ ਰੱਖਿਆ। ਮਾਰਕਸ ਸਟੋਇਨਿਸ (37 ਦੌੜਾਂ) ਨੇ ਕੁੱਝ ਸਮਾਂ ਤਾਂ ਉਸ ਦਾ ਸਾਥ ਦਿੱਤਾ ਪਰ ਜੋਸ਼ ਹੇਜ਼ਲਵੁੱਡ ਨੇ ਉਸ ਨੂੰ ਆਊਟ ਕਰ ਕੇ ਪੰਜਾਬ ਦੀਆਂ ਉਮੀਦਾਂ ਤੋੜ ਦਿੱਤੀਆਂ। ਆਖ਼ਰੀ ਓਵਰ ਵਿੱਚ ਪੰਜਾਬ ਨੂੰ 33 ਦੌੜਾਂ ਦੀ ਲੋੜ ਸੀ, ਪਰ ਸ਼ਸ਼ਾਂਕ ਸਿੰਘ ਦੇ ਆਊਟ ਹੋਣ ਨਾਲ ਮੈਚ ਪੂਰੀ ਤਰ੍ਹਾਂ ਬੰਗਲੂਰੂ ਦੇ ਪੱਖ ਵਿੱਚ ਚਲਾ ਗਿਆ।

ਜੈਪੁਰ : ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਵਿੱਚ ਰਾਜਸਥਾਨ ਰੌਇਲਜ਼ ਵੱਲੋਂ ਖੇਡ ਰਿਹਾ 15 ਸਾਲਾ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਆਪਣੀ ਸ਼ਾਨਦਾਰ ਬੱਲੇਬਾਜ਼ ਸਦਕਾ ਕ੍ਰਿਕਟ ਜਗਤ ਵਿੱਚ ਵੱਖਰੀ ਪਛਾਣ ਬਣਾ ਰਿਹਾ ਹੈ। ਆਸਟਰੇਲੀਆ ਦਾ ਕਪਤਾਨ ਪੈਟ ਕਮਿਨਸ ਵੀ ਉਸ ਦੀ ਖੇਡ ਦਾ ਮੁਰੀਦ ਹੋ ਗਿਆ ਹੈ। ਵੈਭਵ ਨੇ ਕਮਿਨਸ ਦੀ ਅਗਵਾਈ ਹੇਠਲੀ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਮਹਿਜ਼ 37 ਗੇਂਦਾਂ ਵਿੱਚ 103 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ, ਜੋ ਇਸ ਸੀਜ਼ਨ ਵਿੱਚ ਉਸ ਦਾ ਦੂਜਾ ਸੈਂਕੜਾ ਹੈ। ਮੈਚ ਤੋਂ ਬਾਅਦ ਕਮਿਨਸ ਨੇ ਵੈਭਵ ਦੀ ਤਾਰੀਫ਼ ਕਰਦਿਆਂ ਕਿਹਾ, “ਹਾਂ, ਮੈਨੂੰ ਲੱਗਦਾ ਹੈ ਕਿ ਉਹ ਮੇਰਾ ਨਵਾਂ ਮਨਪਸੰਦ ਖਿਡਾਰੀ ਹੈ। ਉਹ ਗੇਂਦ ’ਤੇ ਜ਼ੋਰਦਾਰ ਸ਼ਾਟ ਮਾਰਦਾ ਹੈ। ਉਸ ਨੂੰ ਖੇਡਦਿਆਂ ਦੇਖ ਕੇ ਮਜ਼ਾ ਆਉਂਦਾ ਹੈ।’’

ਢਾਕਾ : ਤੇਜ਼ ਗੇਂਦਬਾਜ਼ ਨਾਹਿਦ ਰਾਣਾ ਦੇ ਕਰੀਅਰ ਦੇ ਸਰਵੋਤਮ ਪ੍ਰਦਰਸ਼ਨ ਸਦਕਾ ਬੰਗਲਾਦੇਸ਼ ਨੇ ਇੱਥੇ ਪਹਿਲੇ ਕ੍ਰਿਕਟ ਟੈਸਟ ਮੈਚ ਵਿੱਚ ਪਾਕਿਸਤਾਨ ਨੂੰ 104 ਦੌੜਾਂ ਨਾਲ ਹਰਾ ਦਿੱਤਾ। ਖੇਡ ਦੇ ਪੰਜਵੇਂ ਦਿਨ ਜਿੱਤ ਲਈ ਮਿਲੇ 268 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨੀ ਟੀਮ ਮਹਿਜ਼ 163 ਦੌੜਾਂ ’ਤੇ ਹੀ ਢੇਰ ਹੋ ਗਈ। ਨਾਹਿਦ ਰਾਣਾ ਨੇ 40 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਉਸ ਨੇ ਚਾਹ ਦੀ ਬਰੇਕ ਤੋਂ ਬਾਅਦ ਆਪਣੇ ਤਿੰਨ ਓਵਰਾਂ ਦੇ ਸਪੈੱਲ ਵਿੱਚ ਸੌਦ ਸ਼ਕੀਲ, ਮੁਹੰਮਦ ਰਿਜ਼ਵਾਨ ਅਤੇ ਨੋਮਾਨ ਅਲੀ ਨੂੰ ਆਊਟ ਕੀਤਾ।

ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ ਆਪਣੀ ਦੂਜੀ ਪਾਰੀ 240 ਦੌੜਾਂ ’ਤੇ ਐਲਾਨ ਕੇ ਪਾਕਿਸਤਾਨ ਅੱਗੇ ਚੁਣੌਤੀਪੂਰਨ ਟੀਚਾ ਰੱਖਿਆ ਸੀ। ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ ਨੇ 87 ਦੌੜਾਂ ਦੀ ਕਪਤਾਨੀ ਪਾਰੀ ਖੇਡਦਿਆਂ ਟੀਮ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾਇਆ। ਪਾਕਿਸਤਾਨ ਵੱਲੋਂ ਅਬਦੁੱਲਾ ਫ਼ਜ਼ਲ ਨੇ 66 ਦੌੜਾਂ ਬਣਾ ਕੇ ਸੰਘਰਸ਼ ਜ਼ਰੂਰ ਕੀਤਾ, ਪਰ ਦੂਜੇ ਪਾਸਿਓਂ ਸਹਿਯੋਗ ਨਾ ਮਿਲਣ ਕਾਰਨ ਟੀਮ ਹਾਰ ਗਈ।

ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਨੇ ਆਪਣੀ ਪਹਿਲੀ ਪਾਰੀ ਵਿੱਚ 413 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿੱਚ ਪਾਕਿਸਤਾਨੀ ਟੀਮ 386 ਦੌੜਾਂ ’ਤੇ ਹੀ ਸਿਮਟ ਗਈ। ਇਸ ਤਰ੍ਹਾਂ ਬੰਗਲਾਦੇਸ਼ ਨੂੰ 27 ਦੌੜਾਂ ਦੀ ਲੀਡ ਮਿਲੀ। ਦੂਜੀ ਪਾਰੀ ਵਿੱਚ ਬੰਗਲਾਦੇਸ਼ ਨੇ 240 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ ਤੇ ਪਾਕਿਸਤਾਨ ਨੂੰ ਜਿੱਤ ਲਈ ਕੁੱਲ 268 ਦੌੜਾਂ ਦਾ ਟੀਚਾ ਮਿਲਿਆ। ਟੀਚਾ ਪੂਰਾ ਕਰਨ ਉਤਰੀ ਪਾਕਿਸਤਾਨੀ ਟੀਮ 163 ਦੌੜਾਂ ’ਤੇ ਹੀ ਢੇਰ ਹੋ ਗਈ।

ਚੰਡੀਗਡ਼੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੈਦਰਲੈਂਡਜ਼ ਦੇ ਅਧਿਕਾਰਤ ਦੌਰੇ ਦੌਰਾਨ ਅੱਜ ਮੁਲਕ ਦੇ ਉੱਘੇ ਹਾਕੀ ਖਿਡਾਰੀ ਫਲੋਰਿਸ ਜਾਨ ਬੋਵਲੈਂਡਰ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਵਿੱਚ ਹਾਕੀ ਖੇਡ ਨੂੰ ਹੋਰ ਮਜ਼ਬੂਤ ਕਰਨ ਅਤੇ ਵੱਕਾਰੀ ਏਸ਼ਿਆਈ ਚੈਂਪੀਅਨਜ਼ ਟਰਾਫੀ ਦੇ ਮੱਦੇਨਜ਼ਰ ਉਨ੍ਹਾਂ (ਬੋਵਲੈਂਡਰ) ਦੇ ਤਜਰਬੇ ਦਾ ਲਾਭ ਲੈਣ ਦੀ ਪੇਸ਼ਕਸ਼ ਕੀਤੀ। ਨੈਦਰਲੈਂਡਜ਼ ਦੇ ਸਾਬਕਾ ਹਾਕੀ ਖਿਡਾਰੀ ਨੇ ਮੁੱਖ ਮੰਤਰੀ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ।

ਮੁਲਕਾਤ ਦੇ ਵੇਰਵੇ ਐਕਸ ’ਤੇ ਸਾਂਝੇ ਕਰਦਿਆਂ ਸ੍ਰੀ ਮਾਨ ਨੇ ਲਿਖਿਆ, ‘‘ਨੈਦਰਲੈਂਡਜ਼ ਵਿੱਚ ਓਲੰਪੀਅਨ ਫਲੋਰਿਸ ਜਾਨ ਬੋਵਲੈਂਡਰ ਜੋ ਆਪਣੇ ਬੇਮਿਸਾਲ ਹੁਨਰ ਅਤੇ ਖੇਡ ਜਗਤ ’ਚ ਯੋਗਦਾਨ ਲਈ ਜਾਣੇ ਜਾਂਦੇ ਹਨ, ਨੂੰ ਮਿਲ ਕੇ ਖੁਸ਼ੀ ਹੋਈ। ਉਨ੍ਹਾਂ ਦਾ ਤਜਰਬਾ ਸਾਡੇ ਨੌਜਵਾਨ ਖਿਡਾਰੀਆਂ ਨੂੰ ਪ੍ਰੇਰਿਤ ਕਰੇਗਾ। ਉਨ੍ਹਾਂ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ, ਜੋ ਉਨ੍ਹਾਂ ਨੇ ਪ੍ਰਵਾਨ ਕਰ ਲਿਆ। ਉਹ ਸਾਡੇ ਖਿਡਾਰੀਆਂ ਨਾਲ ਜੁੜਨਗੇ ਅਤੇ ਆਗਾਮੀ ਏਸ਼ੀਆ ਹਾਕੀ ਚੈਂਪੀਅਨਸ਼ਿਪ ਦੇ ਮੱਦੇਨਜ਼ਰ ਉਨ੍ਹਾਂ ਨੂੰ ਪ੍ਰੇਰਿਤ ਕਰਨਗੇ। ਪੰਜਾਬ ਖੇਡਾਂ ਵਿਚਲੇ ਹੁਨਰ ਨੂੰ ਸੰਭਾਲਣ ਅਤੇ ਹਾਕੀ ਨੂੰ ਨਵੀਂਆਂ ਬੁਲੰਦੀਆਂ ’ਤੇ ਲਿਜਾਣ ਲਈ ਵਚਨਬੱਧ ਹੈ।’’

ਦੱਸਣਯੋਗ ਹੈ ਕਿ ਹਾਕੀ ਦੇ ਇਤਿਹਾਸ ’ਚ ਬੋਵਲੈਂਡਰ (60) ਦਾ ਬਿਹਤਰੀਨ ਪੈਨਲਟੀ ਕਾਰਨਰ ਮਾਹਿਰ ਵਜੋਂ ਸਤਿਕਾਰ ਕੀਤਾ ਜਾਂਦਾ ਹੈ। ਉਨ੍ਹਾਂ ਨੇ ਨੈਦਰਲੈਂਡਜ਼ ਦੀ ਕੌਮੀ ਟੀਮ ਦੀ 1985 ਤੋਂ 1996 ਤੱਕ ਨੁਮਾਇੰਦਗੀ ਕੀਤੀ ਅਤੇ 241 ਕੌਮਾਂਤਰੀ ਮੈਚਾਂ ਵਿੱਚ 215 ਗੋਲ ਦਾਗ਼ੇ। ਉਨ੍ਹਾਂ ਨੇ ਨੈਦਰਲੈਂਡਜ਼ ਟੀਮ ਨੂੰ 1996 ਦੀਆਂ ਓਲੰਪਿਕਸ ’ਚ ਸੋਨ ਤਗ਼ਮਾ, 1900 ਵਿੱਚ ਵਿਸ਼ਵ ਕੱਪ ਅਤੇ 1987 ’ਚ ਯੂਰੋਪੀਅਨ ਚੈਂਪੀਅਨਸ਼ਿਪ ਸਣੇ ਕਈ ਖ਼ਿਤਾਬ ਜਿਤਾਉਣ ’ਚ ਯੋਗਦਾਨ ਪਾਇਆ। ਮੁੱਖ ਮੰਤਰੀ ਭਗਵੰਤ ਮਾਨ ਦੀ ਬੋਵਲੈਂਡਰ ਨਾਲ ਮੁਲਾਕਾਤ ਨਾਲ ਹਾਕੀ ਨੂੰ ਜ਼ਮੀਨੀ ਪੱੱਧਰ ’ਤੇ ਹੋਰ ਹੁਲਾਰਾ ਮਿਲਣ ਦੀ ਉਮੀਦ ਹੈ, ਕਿਉਂਕਿ ਬੋਵਲੈਂਡਰ ਆਗਾਮੀ ਕੌਮਾਂਤਰੀ ਟੂਰਨਾਮੈਂਟਾਂ ਤੋਂ ਪਹਿਲਾਂ ਪੰਜਾਬ ਦਾ ਦੌਰਾ ਕਰਨਗੇ ਅਤੇ ਨੌਜਵਾਨ ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣਗੇ।

ਸ੍ਰੀ ਮਾਨ ਨੇ ਕਿਹਾ ਕਿ ਪਹਿਲੀ ਵਾਰ ਪੰਜਾਬ ਹਾਕੀ ਏਸ਼ਿਆਈ ਚੈਂਪੀਅਨਜ਼ ਟਰਾਫ਼ੀ ਦੀ ਮੇਜ਼ਬਾਨੀ ਕਰੇਗਾ, ਜੋ ਸੂਬੇ ਦੇ ਖੇਡ ਵਾਤਾਵਰਨ ਲਈ ਵੱਡਾ ਮੀਲ ਪੱਥਰ ਹੈ। ਚਾਰ ਦੇਸ਼ਾਂ ਦੇ ਇਸ ਟੂਰਨਾਮੈਂਟ ਨਾਲ ਪੰਜਾਬ ਦੀ ਸਥਿਤੀ ਵਿਸ਼ਵ ਪੱਧਰ ’ਤੇ ਹਾਕੀ ਹੱਬ ਵਜੋਂ ਹੋਰ ਮਜ਼ਬੂਤ ਹੋਵੇਗੀ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀ ਖਿਡਾਰੀਆਂ ਤੋਂ ਬਿਨਾਂ ਭਾਰਤੀ ਹਾਕੀ ਦੀ ਕਲਪਨਾ ਕਰਨੀ ਅਸੰਭਵ ਹੈ। ਪੰਜਾਬ ਦੇ 50 ਤੋਂ ਵੱਧ ਖਿਡਾਰੀਆਂ ਨੇ ਓਲੰਪਿਕ ਤਗਮੇ ਜਿੱਤੇ ਹਨ ਅਤੇ 10 ਪੰਜਾਬੀ ਖਿਡਾਰੀਆਂ ਨੇ ਉਲੰਪਿਕ ਵਿੱਚ ਭਾਰਤ ਦੀ ਕਪਤਾਨੀ ਕੀਤੀ ਹੈ।

ਚੰਡੀਗੜ੍ਹ :  ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਬੁੱਧਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ ਪਲੇਅ-ਆਫ ਮੁਕਾਬਲਿਆਂ ਦੇ ਸ਼ਡਿਊਲ ਅਤੇ ਸਥਾਨਾਂ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਪੰਜਾਬ ਦੇ ਕ੍ਰਿਕਟ ਪ੍ਰੇਮੀਆਂ ਲਈ ਖ਼ੁਸ਼ੀ ਦੀ ਖ਼ਬਰ ਹੈ ਕਿਉਂਕਿ ਨਿਊ ਚੰਡੀਗੜ੍ਹ (ਮੁੱਲਾਂਪੁਰ) ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਸਟੇਡੀਅਮ ਨੂੰ ‘ਐਲੀਮੀਨੇਟਰ’ ਅਤੇ ‘ਕੁਆਲੀਫਾਇਰ-2’ ਦੀ ਮੇਜ਼ਬਾਨੀ ਮਿਲੀ ਹੈ।

ਆਈਪੀਐਲ 2026 ਦਾ ਫਾਈਨਲ ਮੁਕਾਬਲਾ ਪਹਿਲਾਂ ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਹੋਣਾ ਤੈਅ ਸੀ, ਪਰ ਸਥਾਨਕ ਐਸੋਸੀਏਸ਼ਨ ਅਤੇ ਅਧਿਕਾਰੀਆਂ ਦੀਆਂ ਕੁਝ ਅਜਿਹੀਆਂ ਸ਼ਰਤਾਂ ਸਾਹਮਣੇ ਆਈਆਂ ਜੋ ਬੀਸੀਸੀਆਈ ਦੇ ਦਿਸ਼ਾ-ਨਿਰਦੇਸ਼ਾਂ ਦੇ ਦਾਇਰੇ ਤੋਂ ਬਾਹਰ ਸਨ। ਇਸ ਕਾਰਨ ਬੋਰਡ ਨੇ ਫਾਈਨਲ ਮੁਕਾਬਲਾ ਹੁਣ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਕਰਵਾਉਣ ਦਾ ਫੈਸਲਾ ਕੀਤਾ ਹੈ।

ਪਲੇਅ-ਆਫ ਦਾ ਪੂਰਾ ਸ਼ਡਿਊਲ

ਬੀਸੀਸੀਆਈ ਅਨੁਸਾਰ 70 ਲੀਗ ਮੈਚਾਂ ਤੋਂ ਬਾਅਦ ਟੂਰਨਾਮੈਂਟ ਦਾ ਨਿਰਣਾਇਕ ਪੜਾਅ 26 ਮਈ ਤੋਂ ਸ਼ੁਰੂ ਹੋਵੇਗਾ:

ਕੁਆਲੀਫਾਇਰ 1 (26 ਮਈ): ਅੰਕ ਸੂਚੀ ਦੀਆਂ ਚੋਟੀ ਦੀਆਂ ਦੋ ਟੀਮਾਂ ਵਿਚਾਲੇ ਮੁਕਾਬਲਾ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਦੇ ਐਚਪੀਸੀਏ (HPCA) ਸਟੇਡੀਅਮ ਵਿੱਚ ਹੋਵੇਗਾ।

ਐਲੀਮੀਨੇਟਰ (27 ਮਈ): ਤੀਜੇ ਅਤੇ ਚੌਥੇ ਨੰਬਰ ਦੀਆਂ ਟੀਮਾਂ ਵਿਚਾਲੇ ਟੱਕਰ ਮੁੱਲਾਂਪੁਰ (ਨਿਊ ਚੰਡੀਗੜ੍ਹ) ਦੇ ਨਵੇਂ ਇੰਟਰਨੈਸ਼ਨਲ ਸਟੇਡੀਅਮ ਵਿੱਚ ਹੋਵੇਗੀ।

ਕੁਆਲੀਫਾਇਰ 2 (29 ਮਈ): ਕੁਆਲੀਫਾਇਰ-1 ਦੀ ਹਾਰੀ ਹੋਈ ਟੀਮ ਅਤੇ ਐਲੀਮੀਨੇਟਰ ਦੀ ਜੇਤੂ ਟੀਮ ਵਿਚਾਲੇ ਮੁਕਾਬਲਾ ਵੀ ਮੁੱਲਾਂਪੁਰ ਵਿੱਚ ਹੀ ਖੇਡਿਆ ਜਾਵੇਗਾ।

ਫਾਈਨਲ (31 ਮਈ): ਸੀਜ਼ਨ ਦਾ ਮਹਾਂ-ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ।

ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਕੁਝ ਸੰਚਾਲਨ ਅਤੇ ਲੌਜਿਸਟਿਕ ਕਾਰਨਾਂ ਕਰਕੇ ਇਸ ਸੀਜ਼ਨ ਵਿੱਚ ਪਲੇਅ-ਆਫ ਦੇ ਮੈਚ ਤਿੰਨ ਵੱਖ-ਵੱਖ ਸ਼ਹਿਰਾਂ ਵਿੱਚ ਕਰਵਾਏ ਜਾ ਰਹੇ ਹਨ।

ਨਵੀਂ ਦਿੱਲੀ : ਹਾਕੀ ਇੰਡੀਆ ਨੇ ਆਉਣ ਵਾਲੇ ਸੀਨੀਅਰ ਪੁਰਸ਼ ਕੌਮੀ ਕੋਚਿੰਗ ਕੈਂਪ ਲਈ ਅੱਜ 36 ਮੈਂਬਰੀ ਕੋਰ ਸੰਭਾਵੀ ਗਰੁੱਪ ਦਾ ਐਲਾਨ ਕੀਤਾ ਹੈ। ਇਹ ਕੈਂਪ 20 ਅਪਰੈਲ ਤੋਂ 9 ਮਈ ਤੱਕ ਬੰਗਲੂਰੂ ਦੇ ਸਪੋਰਟਸ ਅਥਾਰਿਟੀ ਆਫ ਇੰਡੀਆ (ਸਾਈ) ਸੈਂਟਰ ਵਿੱਚ ਲਗਾਇਆ ਜਾਵੇਗਾ। ਕੋਚਿੰਗ ਕੈਂਪ ਦਾ ਮੁੱਖ ਕੇਂਦਰ ਰਣਨੀਤਕ ਤਾਲਮੇਲ ਤੇ ਕੰਡੀਸ਼ਨਿੰਗ ’ਤੇ ਹੋਵੇਗਾ। ਟੀਮ ਦਾ ਟੀਚਾ ਰੁੱਝੇ ਹੋਏ ਕੌਮਾਂਤਰੀ ਸੀਜ਼ਨ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਨੂੰ ਪੁਖਤਾ ਕਰਨਾ ਹੈ, ਜਿਸ ਵਿੱਚ ਐੱਫ ਆਈ ਐੱਚ ਪ੍ਰੋ ਲੀਗ 2025-26 ਦਾ ਯੂਰੋਪੀਅਨ ਪੜਾਅ, ਵਿਸ਼ਵ ਕੱਪ ਅਤੇ ਏਸ਼ਿਆਈ ਖੇਡਾਂ ਸ਼ਾਮਲ ਹਨ। ਇਸ ਦੇ ਨਾਲ ਹੀ, ਸਕੁਐਡ ਸਾਰੇ ਵਿਭਾਗਾਂ ਵਿੱਚ ਲੈਅ ਬਣਾਉਣ, ਸੁਮੇਲ ਸੁਧਾਰਨ ਅਤੇ ਡੂੰਘਾਈ ਨੂੰ ਮਜ਼ਬੂਤ ਕਰਨ ’ਤੇ ਧਿਆਨ ਦੇਵੇਗਾ। ਗੋਲਕੀਪਿੰਗ ਯੂਨਿਟ ਵਿੱਚ ਕ੍ਰਿਸ਼ਨ ਬਹਾਦਰ ਪਾਠਕ, ਸੂਰਜ ਕਰਕੇਰਾ ਅਤੇ ਪਵਨ ਵਰਗੇ ਤਜਰਬੇਕਾਰ ਨਾਵਾਂ ਦੇ ਨਾਲ-ਨਾਲ ਮੋਹਿਤ ਹੋਨੇਨਾਹੱਲੀ ਸ਼ਸ਼ੀਕੁਮਾਰ ਅਤੇ ਪ੍ਰਿੰਸਦੀਪ ਸਿੰਘ ਵਰਗੇ ਉੱਭਰਦੇ ਖਿਡਾਰੀ ਸ਼ਾਮਲ ਹਨ। ਟੀਮ ਦੀ ਕਮਾਨ ਹਰਮਨਪ੍ਰੀਤ ਸਿੰਘ ਅਤੇ ਅਮਿਤ ਰੋਹੀਦਾਸ ਦੇ ਹੱਥ ਹੋਵੇਗੀ। ਉਨ੍ਹਾਂ ਦਾ ਸਾਥ ਜਰਮਨਪ੍ਰੀਤ ਸਿੰਘ, ਜੁਗਰਾਜ ਸਿੰਘ, ਸੰਜੈ ਅਤੇ ਸੁਮਿਤ ਦੇਣਗੇ। ਪੂਵੰਨਾ ਚੰਦੂਰਾ ਬੋਬੀ, ਯਸ਼ਦੀਪ ਸਿਵਾਚ, ਨੀਲਮ ਸੰਜੀਪ ਐਕਸੈੱਸ ਅਤੇ ਅਮਨਦੀਪ ਲਾਕੜਾ ਵੀ ਇਸ ਪੂਲ ਦਾ ਹਿੱਸਾ ਹਨ। ਮਿਡਫੀਲਡ ’ਤੇ ਤਜਰਬੇ ਅਤੇ ਨੌਜਵਾਨੀ ਦਾ ਸ਼ਾਨਦਾਰ ਸੁਮੇਲ ਦੇਖਣ ਨੂੰ ਮਿਲੇਗਾ। ਮਨਪ੍ਰੀਤ ਸਿੰਘ, ਹਾਰਦਿਕ ਸਿੰਘ ਅਤੇ ਵਿਵੇਕ ਸਾਗਰ ਪ੍ਰਸਾਦ ਅਗਵਾਈ ਕਰਨਗੇ। ਉਨ੍ਹਾਂ ਦੇ ਨਾਲ ਰਾਜਿੰਦਰ ਸਿੰਘ, ਮਨਮੀਤ ਸਿੰਘ, ਮੋਇਰਾਂਗਥਮ ਰਬੀਚੰਦਰ ਸਿੰਘ, ਵਿਸ਼ਨੂੰ ਕਾਂਤ ਸਿੰਘ, ਰਾਜ ਕੁਮਾਰ ਪਾਲ, ਨੀਲਕੰਠ ਸ਼ਰਮਾ ਅਤੇ ਰੋਸ਼ਨ ਕੁਜੂਰ ਸ਼ਾਮਲ ਹੋਣਗੇ। ਇਸੇ ਤਰ੍ਹਾਂ ਫਾਰਵਰਡ ਲਾਈਨ ਵਿੱਚ ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਅਭਿਸ਼ੇਕ ਤੇ ਸੁਖਜੀਤ ਸਿੰਘ ਸ਼ਾਮਲ ਹਨ। ਉਨ੍ਹਾਂ ਦਾ ਸਾਥ ਸ਼ਿਲਾਨੰਦ ਲਾਕੜਾ, ਅਰਾਈਜੀਤ ਸਿੰਘ ਹੁੰਦਲ, ਅੰਗਦ ਬੀਰ ਸਿੰਘ, ਉੱਤਮ ਸਿੰਘ, ਸੇਲਵਮ ਕਾਰਤੀ, ਆਦਿੱਤਿਆ ਅਰਜੁਨ ਲਾਲਗੇ ਅਤੇ ਮਨਿੰਦਰ ਸਿੰਘ ਦੇਣਗੇ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.